ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਫਰਵਰੀ
ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਅਧੀਨ ਆਉਂਦੀ ਦਿੱਲੀ ਪੁਲੀਸ ਵੱਲੋਂ ਕੌਮਾਂਤਰੀ ਹਸਤੀਆਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਮੋਰਚੇ ਨੇ ਮੋਦੀ ਸਰਕਾਰ ਦੀ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਅਸਹਿਮਤੀ ਦੀ ਆਵਾਜ਼ ਦਬਾਉਣ ਲਈ ਸਰਕਾਰ ਤਰਲੋ-ਮੱਛੀ ਹੋ ਰਹੀ ਹੈ।ਮੋਰਚੇ ਦੀ ਬੈਠਕ ਦੌਰਾਨ ਕਿਸਾਨ ਅੰਦੋਲਨ ਦੇ ਮੌਜੂਦਾ ਉਭਾਰ ਬਾਰੇ ਚਰਚਾ ਕਰਨ ਦੇ ਨਾਲ ਨਾਲ ਦਿੱਲੀ ਪੁਲੀਸ ਵੱਲੋਂ ਪੌਪ ਗਾਇਕਾ ਰਿਹਾਨਾ ਅਤੇ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਖ਼ਿਲਾਫ਼ ਮੁਕੱਦਮੇ ਦਰਜ ਕਰਨ ਦੀ ਆਲੋਚਨਾ ਕੀਤੀ ਗਈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੀ ਬੁਖਲਾਹਟ ਨਜ਼ਰ ਆਉਂਦੀ ਹੈ ਕਿਉਂਕਿ ਕੌਮਾਂਤਰੀ ਹਸਤੀਆਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਬਰਤਾਨੀਆ ਦੀ ਸੰਸਦ ਦੀ ਪਟੀਸ਼ਨਾਂ ਬਾਰੇ ਕਮੇਟੀ ਭਾਰਤ ਵਿੱਚ ਚੱਲ ਰਹੇ ਕਿਸਾਨ ਪ੍ਰਦਰਸ਼ਨਾਂ ਅਤੇ ਪ੍ਰੈੱਸ ਦੀ ਆਜ਼ਾਦੀ ਦੇ ਮੁੱਦੇ ’ਤੇ ਹਾਊਸ ਆਫ਼ ਕਾਮਨਜ਼ ਵਿੱਚ ਬਹਿਸ ਕਰਾਉਣ ਬਾਰੇ ਵਿਚਾਰ ਕਰ ਰਹੀ ਹੈ।
ਡਾ. ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਰਕਾਰੀ ਦਮਨ ਨਾਲ ਨਹੀਂ ਕੁਚਲਿਆ ਜਾ ਸਕਦਾ ਹੈ ਅਤੇ ਜਿੰਨਾ ਅੰਦੋਲਨ ਉਪਰ ਜਬਰ ਕੀਤਾ ਜਾਵੇਗਾ, ਓਨਾ ਹੀ ਇਸ ਦਾ ਫ਼ੈਲਾਓ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਦਾ ਜ਼ਬਰਦਸਤ ਵਿਰੋਧ ਕਰ ਰਹੇ ਕਿਸਾਨਾਂ ਨੂੰ ਪਹਿਲਾਂ ਸਿਰਫ਼ ਪੰਜਾਬ ਦੇ ਕਿਸਾਨ ਕਿਹਾ ਗਿਆ ਅਤੇ ਫਿਰ ਪੰਜਾਬ ਤੇ ਹਰਿਆਣਾ ਦੇ ਕੁਝ ਕਿਸਾਨ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਦੋਵੇਂ ਸੂਬਿਆਂ ਸਮੇਤ ਸਮੁੱਚੇ ਉੱਤਰ ਪ੍ਰਦੇਸ਼, ਰਾਜਸਥਾਨ, ਦੱਖਣੀ ਅਤੇ ਮੱਧ ਭਾਰਤ ਦੇ ਰਾਜਾਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਇਸ ਜਨ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਦੀ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸਹਿਮਤੀ ਦੀ ਆਵਾਜ਼ ਦਬਾਉਣ ਲਈ ਸਰਕਾਰ ਤਰਲੋ-ਮੱਛੀ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਕਿਤੇ ‘ਡਿਜੀਟਲ ਇੰਡੀਆ’ ਦੇ ਸੋਹਲੇ ਗਾ ਰਹੀ ਸੀ ਪਰ ਹੁਣ ਦੇਸ਼ ਦੇ ਲੋਕਾਂ ਨੂੰ ਇੰਟਰਨੈੱਟ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਡਾ. ਦਰਸ਼ਨਪਾਲ ਨੇ ਕਿਹਾ,‘‘ਇਹ ਅੰਦੋਲਨ ਸ਼ੁਰੂ ਤੋਂ ਹੀ ਸੰਪੂਰਨ ਤੌਰ ’ਤੇ ਗੈਰ ਸਿਆਸੀ ਰਿਹਾ ਹੈ ਅਤੇ ਅੱਗੇ ਵੀ ਗੈਰ ਸਿਆਸੀ ਰਹੇਗਾ। ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਕਿਸੇ ਵੀ ਸਟੇਜ ਤੋਂ ਬੋਲਣ ਦੀ ਆਗਿਆ ਨਹੀਂ ਹੈ।’’
ਦੇਸ਼ ਗਹਿਣੇ ਕਰਨ ਵਾਲਿਆਂ ਨੂੰ ਵਿਦੇਸ਼ੀ ਸਮਰਥਨ ਹਜ਼ਮ ਨਹੀਂ
ਨਵੀਂ ਦਿੱਲੀ: ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਵਿਦੇਸ਼ੀ ਕੰਪਨੀਆਂ ਕੋਲ ਗਹਿਣੇ ਧਰਨ ਲਈ ਭਾਰਤ ਦੀਆਂ ਰਤਨ ਕੰਪਨੀਆਂ ਨੂੰ ਨੁਕਸਾਨ ਕਰਨ ਦੀ ਧਾਰ ਰੱਖੀ ਹੋਈ ਤੇ ਸਵਦੇਸ਼ੀ ਦਾ ਨਾਅਰਾ ਲਾਉਣ ਵਾਲੇ ਭਾਜਪਾਈ ਆਗੂ ਹੁਣ ਵਿਦੇਸ਼ੀ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਵੱਲੋਂ ਕਿਸਾਨ ਸੰਘਰਸ਼ ਨੂੰ ਸਮਰਥਨ ਨੂੰ ਹਜ਼ਮ ਨਹੀਂ ਕਰ ਰਹੇ। ਉਨ੍ਹਾਂ ਕਿਹਾ ਜ਼ੋ ਭਾਜਪਾਈ ਟ੍ਰੰਪ ਦੀ ਚੋਣ ਮੁਹਿੰਮ ਦੇ ਸਮਰਥਕ ਸਨ ਉਨ੍ਹਾਂ ਨੂੰ ਇਹ ਦਖਲ ਅੰਦਾਜੀ ਲੱਗ ਰਹੀ ਹੈ।