ਨਵੀਂ ਦਿੱਲੀ, 22 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਤੋਂ ਉੱਭਰਨ ਲਈ ਸਰਕਾਰ ਨੇ ਵੱਖ ਵੱਖ ਖੇਤਰਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਆਰਥਿਕ ਉਪਾਅ ਤੈਅ ਕੀਤੇ। ਉਨ੍ਹਾਂ ਕਿਹਾ ਕਿ ਆਰਥਿਕ ਪੈਕੇਜ ਦੇ ਮਾਮਲੇ ’ਚ ਸਾਰਿਆਂ ਲਈ ਇੱਕੋ ਜਿਹੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਮੋਦੀ ਨੇ ਕਿਹਾ ਕਿ ਕੇਂਦਰ-ਰਾਜਾਂ ਦੀ ਭਾਈਵਾਲੀ ’ਚ ਪੂਰੇ ਭਰੋਸੇ ਨਾਲ ਤੇ ਹੱਲਾਸ਼ੇਰੀ ਰਾਹੀਂ ਇਹ ਸੁਧਾਰ ਅੱਗੇ ਵਧਾਏ ਗਏ ਹਨ। ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਮੋਦੀ ਨੇ ਅੱਜ ਕਿਹਾ ਕਿ ਦੁਨੀਆ ਭਰ ’ਚ ਵਿੱਤੀ ਸੰਕਟ ਵਿਚਾਲੇ ਭਾਰਤ ਦੇ ਰਾਜ 2020-21 ’ਚ ਜ਼ਿਕਰਯੋਗ ਢੰਗ ਨਾਲ ਕਰਜ਼ਾ ਜੁਟਾਉਣ ’ਚ ਕਾਮਯਾਬ ਹੋ ਸਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 2020-21 ’ਚ ਰਾਜਾਂ ਨੇ 1.06 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਜੁਟਾਇਆ। ਕੇਂਦਰ-ਰਾਜ ਭਾਈਵਾਲੀ ਰਾਹੀਂ ਇੰਨੇ ਵਾਧੂ ਸਰੋਤ ਇਕੱਠੇ ਕਰਨੇ ਸੰਭਵ ਹੋ ਸਕੇ।’ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਪੂਰੀ ਦੁਨੀਆ ਦੀਆਂ ਸਰਕਾਰਾਂ ਸਾਹਮਣੇ ਵੱਡੀ ਚੁਣੌਤੀ ਵਜੋਂ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਭਾਰਤ ਦੀ ਸਥਿਤੀ ਕੋਈ ਵੱਖਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਲੋੜੀਂਦੇ ਸਰੋਤ ਜੁਟਾਉਣ ਦੇ ਨਾਲ ਵਿੱਤੀ ਸਥਿਰਤਾ ਯਕੀਨੀ ਬਣਾਉਣਾ ਸਭ ਤੋਂ ਵੱਡੀ ਚੁਣੌਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਕਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਉੱਭਰਨ ਲਈ ਆਰਥਿਕ ਪੈਕੇਜ ਤਿਆਰ ਕੀਤੇ ਤਾਂ ਇਹ ਯਕੀਨੀ ਬਣਾਇਆ ਕਿ ਸਾਰੇ ਖੇਤਰਾਂ ਨੂੰ ਇੱਕੋ ਕਸੌਟੀ ’ਤੇ ਤੋਲਿਆ ਜਾਵੇ। ਉਨ੍ਹਾਂ ਕਿਹਾ ਕਿ ਇੱਕ ਸੰਘੀ ਪ੍ਰਬੰਧ ਵਾਲੇ ਮੁਲਕ ਲਈ ਕੌਮੀ ਪੱਧਰ ’ਤੇ ਅਜਿਹੇ ਨੀਤੀਗਤ ਉਪਾਅ ਕਰਨਾ ਜਿਸ ਰਾਹੀਂ ਰਾਜ ਸਰਕਾਰਾਂ ਸੁਧਾਰਾਂ ਨੂੰ ਅੱਗੇ ਵਧਾ ਸਕਣ, ਕਾਫੀ ਚੁਣੌਤੀ ਭਰਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਮੰਚ ਲਿੰਕਡਇਨ ’ਤੇ ਕਿਹਾ, ‘ਸਾਨੂੰ ਆਪਣੀ ਸੰਘੀ ਨੀਤੀ ਦੀ ਮਜ਼ਬੂਤੀ ’ਤੇ ਭਰੋਸਾ ਸੀ ਅਤੇ ਅਸੀਂ ਕੇਂਦਰ-ਰਾਜ ਭਾਈਵਾਲੀ ਦੀ ਭਾਵਨਾ ਨਾਲ ਅੱਗੇ ਵਧੇ।’ -ਪੀਟੀਆਈ
ਟੌਏਕੈਥਨ-21 ’ਚ ਹਿੱਸਾ ਲੈਣ ਵਾਲਿਆਂ ਨਾਲ ਅੱਜ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੌਏਕੈਥਨ-21 ’ਚ ਹਿੱਸਾ ਲੈਣ ਵਾਲਿਆਂ ਨਾਲ ਅੱਜ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਸਿੱਖਿਆ ਮੰਤਰਾਲਾ, ਮਹਿਲਾ ਤੇ ਬਾਲ ਵਿਕਾਸ ਮੰਤਰਾਲਾ, ਐੱਮਐੱਸਐੱਮਈ ਮੰਤਰਾਲਾ, ਡੀਪੀਆਈਆਈਟੀ, ਕੱਪੜਾ ਮੰਤਰਾਲਾ, ਸੂਚਨਾ ਤੇ ਪ੍ਰਸਾਰਨ ਮੰਤਰਾਲਾ ਅਤੇ ਏਆਈਸੀਟੀਈ ਨੇ ਪੰਜ ਜਨਵਰੀ ਨੂੰ ਟੌਏਕੈਥਨ-2021 ਦੀ ਸ਼ੁਰੂਆਤ ਕੀਤੀ ਸੀ। ਭਾਰਤ ਤੋਂ ਤਕਰੀਬਨ 1.2 ਲੱਖ ਲੋਕਾਂ ਨੇ ਟੌਏਕੈਥਨ-2021 ਲਈ ਰਜਿਸਟਰਡ ਕਰਵਾ ਕੇ 17 ਹਜ਼ਾਰ ਤੋਂ ਵੱਧ ਨਵੇਂ ਵਿਚਾਰ ਰੱਖੇ ਜਿਨ੍ਹਾਂ ’ਚੋਂ 1567 ਵਿਚਾਰਾਂ ਨੂੰ 22 ਤੋਂ 24 ਜੂਨ ਤੱਕ ਕਰਵਾਏ ਜਾਣ ਵਾਲੇ ਤਿੰਨ ਰੋਜ਼ਾ ਆਨਲਾਈਨ ‘ਟੌਏਕੈਥਨ ਗਰੈਂਡ ਫਿਨਾਲੇ’ ਲਈ ਚੁਣਿਆ ਗਿਆ ਹੈ। -ਪੀਟੀਆਈ