ਨਵੀਂ ਦਿੱਲੀ: ਆਰਐੱਸਐੱਸ ਦੇ ਦਫ਼ਤਰਾਂ ਨੂੰ ਸੀਆਈਐੱਸਐੱਫ ਦੀ ਸੁਰੱਖਿਆ ਮੁਹੱਈਆ ਕੀਤੇ ਜਾਣ ਮਗਰੋਂ ਅੱਜ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਹਵਾਈ ਅੱਡਿਆਂ ਨੂੰ ਪ੍ਰਾਈਵੇਟ ਸੁਰੱਖਿਆ ਦਿੱਤੀ ਗਈ ਹੈ ਜਦਕਿ ਆਰਐੱਸਐੱਸ ਜਿਹੀਆਂ ਸੰਸਥਾਵਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਦਿਆਂ ਦਾਅਵਾ ਕੀਤਾ, ‘ਹਵਾਈ ਅੱਡਿਆਂ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐੱਸਐੱਫ) ਦੀਆਂ ਤਿੰਨ ਹਜ਼ਾਰ ਅਸਾਮੀਆਂ ਖਤਮ ਕਰਕੇ ਨਿੱਜੀ ਸੁਰੱਖਿਆ ਗਾਰਡਾਂ ’ਚ ਤਬਦੀਲ ਕਰ ਦਿੱਤੀਆਂ ਗਈਆਂ।’ ਉਨ੍ਹਾਂ ਕਿਹਾ, ‘ਪਰ ਸੀਆਈਐੱਸਐੱਫ ਦੀ ਸੁਰੱਖਿਆ ‘ਹਮਾਰੇ ਦੋ’ ਤੇ ਆਰਐੱਸਐੱਸ ਨੂੰ ਦਿੱਤੀ ਜਾ ਰਹੀ ਹੈ। ਸਰਕਾਰੀ ਜਾਇਦਾਦਾਂ ਲਈ ਪ੍ਰਾਈਵੇਟ ਸੁਰੱਖਿਆ ਤੇ ਪ੍ਰਾਈਵੇਟ ਸੰਸਥਾਵਾਂ ਨੂੰ ਸਰਕਾਰੀ ਸੁਰੱਖਿਆ। ਅਜੀਬ ਹੈ!’ ਕੇਂਦਰ ਸਰਕਾਰ ਵੱਲੋਂ ਕੌਮੀ ਰਾਜਧਾਨੀ ਵਿਚਾਲੇ ਆਰਐੱਸਐੱਸ ਦੇ ਦਫਤਰ ਨੂੰ ਸੀਆਈਐੱਸਐੱਫ ਦੀ ਸੁਰੱਖਿਆ ਮੁਹੱਈਆ ਕੀਤੇ ਜਾਣ ਮਗਰੋਂ ਕਾਂਗਰਸ ਨੇ ਇਹ ਟਿੱਪਣੀ ਕੀਤੀ ਹੈ। ਅਧਿਕਾਰੀਆਂ ਅਨੁਸਾਰ ਆਰਐੱਸਐੱਸ ਦੇ ਕੇਂਦਰੀ ਦਿੱਲੀ ਦੇ ਝੰਡੇਵਾਲਾ ਸਥਿਤ ‘ਕੇਸ਼ਵ ਕੁੰਜ’ ਦਫ਼ਤਰ ਅਤੇ ਉਦਾਸੀਨ ਆਸ਼ਰਮ ਵਿਚਲੇ ਕੈਂਪ ਦਫ਼ਤਰ ਨੂੰ ਪਹਿਲੀ ਸਤੰਬਰ ਤੋਂ ਸੀਆਈਐੱਸਐੱਫ ਦੀ ਸੁਰੱਖਿਆ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਕੇਂਦਰੀ ਖੁਫੀਆ ਏਜੰਸੀਆਂ ਤੋਂ ਮਿਲੀਆਂ ਰਿਪੋਰਟਾਂ ਦੇ ਆਧਾਰ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਸੁਰੱਖਿਆ ਮੁਹੱਈਆ ਕਰਵਾਈ ਹੈ। ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਪਹਿਲਾ ਹੀ ‘ਜ਼ੈੱਡ’ ਪਲੱਸ ਸੁਰੱਖਿਆ ਮਿਲੀ ਹੋਈ ਹੈ ਅਤੇ ਇਸ ਦੇ ਨਾਗਪੁਰ ਵਿਚਲੇ ਦਫ਼ਤਰ ਦੀ ਸੁਰੱਖਿਆ ਵੀ ਸੀਆਈਐੱਸਐੱਫ ਹਵਾਲੇ ਹੈ। -ਪੀਟੀਆਈ