ਮੁੰਬਈ, 7 ਜੂਨ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਟਵਿੱਟਰ ’ਤੇ ‘ਬਲੂ ਟਿਕ’ ਨੂੰ ਲੈ ਕੇ ਉਲਝਣ ਦੀ ਥਾਂ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਉਣ ਲਈ ਉਨ੍ਹਾਂ ਦੇ ਟੀਕਾਕਰਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਅਸਲ ਵਿੱਚ ਹਾਲ ਹੀ ’ਚ ਟਵਿੱਟਰ ਨੇ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਤੇ ਮੋਹਨ ਭਾਗਵਤ ਸਮੇਤ ਆਰਐੱਸਐੱਸ ਦੇ ਸਿਖਰਲੇ ਅਹੁਦੇਦਾਰਾਂ ਦੇ ਨਿੱਜੀ ਅਕਾਊਂਟ ਤੋਂ ‘ਬਲੂ ਟਿਕ’ ਹਟਾ ਦਿੱਤਾ ਅਤੇ ਬਾਅਦ ਵਿੱਚ ਹੰਗਾਮਾ ਹੋਣ ’ਤੇ ਇਸ ਨੂੰ ਬਹਾਲ ਕਰ ਦਿੱਤਾ ਸੀ। ਇਸ ਬਾਰੇ ਟਵਿੱਟਰ ਨੇ ਕਿਹਾ ਸੀ ਕਿ ਨਿਯਮਾਂ ਅਨੁਸਾਰ ਜੇਕਰ ਅਕਾਊਂਟ ਅਧੂਰਾ ਹੈ ਜਾਂ ਛੇ ਮਹੀਨੇ ਤੋਂ ਐਕਟਿਵ ਨਹੀਂ ਹੈ ਤਾਂ ਬਲੂ ਟਿਕ ਕਿਸੇ ਵੀ ਅਕਾਊਂਟ ਤੋਂ ਆਪਣੇ ਆਪ ਹਟ ਜਾਂਦਾ ਹੈ। ਇਸ ਪੂਰੇ ਵਿਵਾਦ ਵਿਚਾਲੇ ਐੱਨਸੀਪੀ ਦੇ ਕੌਮੀ ਬੁਲਾਰੇ ਨਵਾਬ ਮਲਿਕ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਤੇ ਕੇਂਦਰ ਸਰਕਾਰ ਟਵਿੱਟਰ ਤੋਂ ਬਲੂ ਟਿਕ ਨੂੰ ਲੈ ਕੇ ਉਲਝ ਰਹੀਆਂ ਹਨ ਜਦਕਿ ਦੇਸ਼ ਦੇ ਲੋਕ ਕੋਵਿਡ-19 ਤੋਂ ਬਚਣ ਤੇ ਟੀਕਾਕਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ, ‘ਭਾਵੇਂ ਬਲੂ ਟਿਕ ਦਾ ਮਾਮਲਾ ਹੋਵੇ ਜਾਂ ਟੀਕਾਕਰਨ ਦਾ ਕੇਂਦਰ ਦੀ ਆਲੋਚਨਾ ਹੋ ਰਹੀ ਹੈ ਪਰ ਉਹ ਆਲੋਚਨਾਵਾਂ ਵੱਲ ਧਿਆਨ ਨਹੀਂ ਦੇ ਰਹੀ ਅਤੇ ਹਮਲਾਵਰ ਰਵੱਈਆ ਅਪਣਾ ਰਹੀ ਹੈ।’ ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਟਵਿੱਟਰ ’ਤੇ ਬਲੂ ਟਿਕ ਨੂੰ ਲੈ ਕੇ ਉਲਝਣ ਦੀ ਥਾਂ ਲੋਕਾਂ ਦੇ ਟੀਕਾਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੇਕਰ ਲੋਕ ਕਰੋਨਾ ਤੋਂ ਬਚਾਅ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਤਾਂ ਰਾਜ ’ਚੋਂ ਲੌਕਡਾਊਨ ਜਿਹੀਆਂ ਪਾਬੰਦੀਆਂ ਖਤਮ ਹੋ ਜਾਣਗੀਆਂ। -ਪੀਟੀਆਈ