ਮੁੰਬਈ, 17 ਅਕਤੂਬਰ
ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਸਬੰਧੀ ਭਾਜਪਾ ’ਤੇ ਹਮਲਾ ਕਰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਐਤਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਵਿੱਚ ਸਿਆਸੀ ਵਿਰੋਧੀਆਂ ਦਾ ਖ਼ਾਤਮਾ ਕਰਨ ਲਈ ਕੇਂਦਰ ਸਰਕਾਰ ਨੇ ਹੁਣ ‘ਭਾੜੇ ਦੇ ਕਾਤਲਾਂ’ ਦੀ ਥਾਂ ਲੈ ਲਈ ਹੈ। ਸ਼ਿਵ ਸੈਨਾ ਦੀ ਅਗਵਾਈ ਹੇਠਲੀ ਮਹਾ ਵਿਕਾਸ ਅਗਾੜੀ ਸਰਕਾਰ ਦੇ ਕੁਝ ਮੰਤਰੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੇ ਆਮਦਨ ਕਰ ਵਿਭਾਗ ਦੇ ਸਕੈਨਰ ਹੇਠ ਹਨ ਜਦੋਂ ਕਿ ਇਨ੍ਹਾਂ ਵਿੱਚੋਂ ਇਕ ਸੀਬੀਆਈ ਦੀ ਜਾਂਚ ਦਾ ਸਾਹਮਣਾ ਕਰ ਰਿਹਾ ਹੈ।
ਰਾਊਤ ਨੇ ਕਿਹਾ ਕਿ ਦਿੱਲੀ ਵਿੱਚ ਸੱਤਾਧਾਰੀ ਪਾਰਟੀ ਦੀ ਸ਼ਹਿ ’ਤੇ ਕੇਂਦਰੀ ਏਜੰਸੀਆਂ ਕੰਮ ਕਰ ਰਹੀਆਂ ਹਨ। ਸੈਨਾ ਦੇ ਹਫ਼ਤਾਵਾਰੀ ਅਖ਼ਬਾਰ ‘ਸਾਮਨਾ’ ਦੇ ਕਾਲਮ ‘ਰੋਕਟੋਕ’ ਵਿੱਚ ਰਾਊਤ ਨੇ ਲਿਖਿਆ,‘ਮਹਾਰਾਸ਼ਟਰ ਵਿੱਚ ਕੋਈ ਕਾਨੂੰਨ ਹੈ ਜਾਂ ਫੇਰ ‘ਛਾਪੇ ਮਾਰਨੇ’ ਦਾ ਕਾਨੂੰਨ ਕਾਇਮ ਹੋ ਗਿਆ ਹੈ? ਕੇਂਦਰੀ ਜਾਂਚ ਏਜੰਸੀਆਂ ਵੱਲੋਂ ਮਾਰੇ ਜਾ ਰਹੇ ਰਿਕਾਰਡਤੋੜ ਛਾਪਿਆਂ ਤੋਂ ਹਰ ਇਕ ਦੇ ਦਿਮਾਗ ਵਿੱਚ ਇਹੋ ਸਵਾਲ ਉੱਠਦਾ ਹੈ। ਉਨ੍ਹਾਂ ਲਿਖਿਆ,‘ਪਹਿਲਾਂ ਦਿੱਲੀ ਦੇ ਸ਼ਾਸਕ ਝੂਠ ਬੋਲਦੇ ਸਨ ਪਰ ਹੁਣ ਛਾਪਿਆਂ ਦੇ ਹੁਕਮ ਦੇਣ ਦਾ ਨਵਾਂ ਕਾਰੋਬਾਰ ਸ਼ੁਰੂ ਹੋ ਗਿਆ ਹੈ ਜਿਸ ਵਾਸਤੇ ਉਨ੍ਹਾਂ ਨੂੰ ਪੱਲਿਓਂ ਕੁੱਝ ਖਰਚਣਾ ਵੀ ਨਹੀਂ ਪੈਂਦਾ। ਰਾਊਤ ਨੇ ਕਿਹਾ ਕਿ ਸਿਆਸੀ ਵਿਰੋਧੀਆਂ ਦਾ ਸਫ਼ਾਇਆ ਕਰਨ ਲਈ ਸਰਕਾਰੀ ਮਸ਼ੀਨਰੀ ਲੋਕਾਂ ਦੇ ਪੈਸੇ ਦੀ ਵਰਤੋਂ ਕਰ ਰਹੀ ਹੈ। ਪਹਿਲਾਂ ਮੁੰਬਈ ਵਿੱਚ (ਜਦੋਂ ਅੰਡਰ ਵਰਲਡ ਸਰਗਰਮ ਸੀ) ਸੁਪਾਰੀ ਦੇ ਕੇ ਕਤਲ ਕਰਵਾਏ ਜਾਂਦੇ ਸਨ । ਹੁਣ ਇਹ ਰੁਝਾਨ ’ਸਰਕਾਰੀ ਕਤਲਾਂ’ ਵਿੱਚ ਬਦਲ ਗਿਆ ਹੈ। ਦਿੱਲੀ ਵਿਚਲੀ ਸੱਤਾਧਾਰੀ ਪਾਰਟੀ ਲਈ ਕੇਂਦਰੀ ਏਜੰਸੀਆਂ ‘ਸੁਪਾਰੀ ਲੈ ਕੇ ਕਤਲ’ ਕਰਨ ਦਾ ਕੰਮ ਕਰ ਰਹੀਆਂ ਹਨ। ਇਨ੍ਹਾਂ ਏਜੰਸੀਆਂ ਰਾਹੀਂ ਸਿਆਸੀ ਵਿਰੋਧੀਆਂ ਨੂੰ ਮਿਟਾਉਣ ਲਈ ਨਵੀਂ ਨੀਤੀ ਬਣਾ ਲਈ ਜਾਪਦੀ ਹੈ।
ਲੇਖ ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ ਐਨਸੀਪੀ ਆਗੂ ਤੇ ਸੂਬਾਈ ਮੰਤਰੀ ਨਵਾਬ ਮਲਿਕ ਦੇ ਜਵਾਈ ਸਮੀਰ ਖ਼ਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵੱਲੋਂ ਗ੍ਰਿਫ਼ਤਾਰ ਕਰਨ ਦਾ ਹਵਾਲਾ ਦਿੰਦਿਆਂ ਰਾਊਤ ਨੇ ਕਿਹਾ ਕਿ ਖ਼ਾਨ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਸ਼ਮੂਲੀਅਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਠ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ। ਰਾਊਤ ਨੇ ਆਪਣੇ ਲੇਖ ਵਿੱਚ ਲਿਖਿਆ,‘ ਹੁਣ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਕਿਹਾ ਕਿ ਖ਼ਾਨ ਦੇ ਕਬਜ਼ੇ ’ਚੋਂ ਹਰਬਲ ਤੰਬਾਕੂ ਬਰਾਮਦ ਹੋਇਆ ਸੀ, ਨਾ ਕਿ ਕੋਈ ਨਸ਼ੀਲਾ ਪਾਦਰਥ। -ਪੀਟੀਆਈ