ਨਵੀਂ ਦਿੱਲੀ, 1 ਮਈ
ਕੇਂਦਰੀ ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਨੇ ਰਾਜਾਂ ਨੂੰ ਮੌਜੂਦਾ ਵਿੱਤੀ ਵਰ੍ਹੇ ਲਈ ਸੂਬਾਈ ਆਫ਼ਤ ਰਾਹਤ ਫੰਡ (ਐੱਸਡੀਆਰਐੱਫ) ਦੀ 8,873.6 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਐਡਵਾਂਸ ਵਿਚ ਹੀ ਜਾਰੀ ਕਰ ਦਿੱਤੀ ਹੈ।
ਜਾਰੀ ਕੀਤੀ ਗਈ ਰਾਸ਼ੀ ਦਾ 50 ਫ਼ੀਸਦ ਤੱਕ ਜੋ ਕਿ 4436.8 ਕਰੋੜ ਰੁਪਏ ਬਣਦਾ ਹੈ, ਦਾ ਇਸਤੇਮਾਲ ਰਾਜਾਂ ਵੱਲੋਂ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾਣ ਵਾਲੇ ਉਪਾਅ ਵਾਸਤੇ ਕੀਤਾ ਜਾ ਸਕਦਾ ਹੈ। ਵਿੱਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਆਮ ਤੌਰ ’ਤੇ ਐੱਸਡੀਆਰਐੱਫ ਦੀ ਪਹਿਲੀ ਕਿਸ਼ਤ ਜੂਨ ਮਹੀਨੇ ਵਿਚ ਜਾਰੀ ਕੀਤੀ ਜਾਂਦੀ ਹੈ।
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਆਮ ਪ੍ਰਕਿਰਿਆ ਵਿਚ ਛੋਟ ਦਿੰਦਿਆਂ ਨਾ ਸਿਰਫ਼ ਐੱਸਡੀਆਰਐੱਫ ਦੀ ਪਹਿਲੀ ਕਿਸ਼ਤ ਐਡਵਾਂਸ ਵਿਚ ਜਾਰੀ ਕੀਤੀ ਗਈ ਹੈ ਬਲਕਿ ਪਿਛਲੇ ਵਿੱਤੀ ਵਰ੍ਹੇ ਵਿਚ ਰਾਜਾਂ ਨੂੰ ਮੁਹੱਈਆ ਕੀਤੀ ਗਈ ਰਾਸ਼ੀ ਦੇ ਵਰਤੋਂ ਪ੍ਰਮਾਣ ਪੱਤਰਾਂ ਦਾ ਇੰਤਜ਼ਾਰ ਕੀਤੇ ਬਿਨਾ ਇਸ ਐਡਵਾਂਸ ਕਿਸ਼ਤ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਗਈ ਹੈ। -ਪੀਟੀਆਈ