ਨਾਗਪੁਰ: ਬੰਬੇ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਮਹਾਰਾਸ਼ਟਰ ਲਈ ਰੈਮਡੇਸਿਵਿਰ ਟੀਕਿਆਂ ਦੀ ਸਪਲਾਈ ਵਧਾਉਣ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਪਹਿਲੀ ਮਈ ਨੂੰ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਦੇ ਲਿਹਾਜ ਨਾਲ ਇਸ ਦਵਾਈ ਦੇ ਕੋਟੇ ’ਚ ਕਟੌਤੀ ਤਰਕਸੰਗਤ ਨਹੀਂ ਹੈ। ਵਿਸ਼ੇਸ਼ ਸੁਣਵਾਈ ਦੌਰਾਨ ਜਸਟਿਸ ਐੱਸਬੀ ਸ਼ੁਕਰੇ ਤੇ ਜਸਟਿਸ ਅਵਿਨਾਸ਼ ਘਰੋਟੇ ਦੇ ਬੈਂਚ ਨੇ ਕੋਵਿਡ-19 ਦੇ ਮਰੀਜ਼ਾਂ ਇਲਾਜ ’ਚ ਜ਼ਰੂਰੀ ਮੈਡੀਕਲ ਆਕਸੀਜਨ ਤੇ ਰੈਮਡੇਸਿਵਿਰ ਦੀ ਘਾਟ ਨਾਲ ਸਬੰਧਤ ਕੁਝ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਬੈਂਚ ਨੇ ਕਿਹਾ, ‘ਪਹਿਲਾਂ 10 ਦਿਨ ਲਈ 4.30 ਲੱਖ ਸ਼ੀਸ਼ੀਆਂ ਵੰਡੀਆਂ ਗਈਆਂ ਅਤੇ ਅਗਲੇ 10 ਦਿਨਾਂ ਲਈ 3,74,500 ਸ਼ੀਸ਼ੀਆਂ ਵੰਡੀਆਂ ਗਈਆਂ। ਇਸ ਦਾ ਮਤਲਬ ਹੈ ਕਿ ਮਹਾਰਾਸ਼ਟਰ ਲਈ ਰੈਮਡੇਸਿਵਿਰ ਦੀਆਂ 60,500 ਸ਼ੀਸ਼ੀਆਂ ਘਟ ਗਈਆਂ।’ ਕੇਂਦਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਦਰੁਸਤ ਕਰਨ ਦੀ ਲੋੜ ਹੈ। -ਪੀਟੀਆਈ