ਗਾਂਧੀਨਗਰ, 29 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ 10 ਲੱਖ ਨੌਕਰੀਆਂ ਦੇਣ ਲਈ ਕੰਮ ਕਰ ਰਹੀ ਹੈ। ਗੁਜਰਾਤ ਸਰਕਾਰ ਵੱਲੋਂ ਲਗਾਏ ਗਏ ਰੁਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਸਰਕਾਰੀ ਨੌਰਕਰੀਆਂ ਹੋਰ ਵਧਣਗੀਆਂ। ਭਾਜਪਾ ਸ਼ਾਸਿਤ ਸੂਬੇ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਮਾਗਮ ਦੌਰਾਨ ਗੁਜਰਾਤ ਪੰਚਾਇਤ ਸੇਵਾ ਬੋਰਡ ਨੇ 5 ਹਜ਼ਾਰ ਅਤੇ ਗੁਜਰਾਤ ਸਬ ਇੰਸਪੈਕਟਰ ਭਰਤੀ ਬੋਰਡ ਤੇ ਲੋਕਰਕਸ਼ਕ ਭਰਤੀ ਬੋਰਡ ਵੱਲੋਂ 8 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਨਿਯੁਕਤੀ ਪੱਤਰ ਵੰਡੇ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ,‘‘ ਧਨਤੇਰਸ ਦੇ ਪਵਿੱਤਰ ਦਿਹਾੜੇ ਮੌਕੇ ਅਸੀਂ ਕੌਮੀ ਪੱਧਰ ’ਤੇ ਰੁਜ਼ਗਾਰ ਮੇਲੇ ’ਚ 75 ਹਜ਼ਾਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ।’’ ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਆਉਂਦੇ ਮਹੀਨਿਆਂ ’ਚ ਕੌਮੀ ਅਤੇ ਸੂਬਾ ਪੱਧਰ ’ਤੇ ਜਾਰੀ ਰਹਿਣਗੇ। ਸ੍ਰੀ ਮੋਦੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਗੁਜਰਾਤ ਦੀ ਨਵੀਂ ਸਨਅਤੀ ਨੀਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਰਜਾ 3 ਅਤੇ 4 ਦੀਆਂ ਸਰਕਾਰੀ ਨੌਕਰੀਆਂ ’ਚ ਇੰਟਰਵਿਊ ਦਾ ਅਮਲ ਖ਼ਤਮ ਕਰਨ ਵਰਗੇ ਸੁਧਾਰਾਂ ਨਾਲ ਨੌਜਵਾਨਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ 2047 ਤੱਕ ਵਿਕਸਤ ਬਣਾਉਣ ਦਾ ਟੀਚਾ ਰੱਖਿਆ ਹੈ ਅਤੇ ਅਗਲੇ 25 ਵਰ੍ਹੇ ਦੇਸ਼ ਲਈ ਬਹੁਤ ਅਹਿਮ ਹਨ। ਪ੍ਰਧਾਨ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਗੁਜਰਾਤ ਸਰਕਾਰ ਨੇ ਇਕ ਸਾਲ ’ਚ 35 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਤਕਰੀਬਨ ਪੂਰਾ ਕਰ ਲਿਆ ਹੈ। -ਪੀਟੀਆਈ
ਚਿਦੰਬਰਮ ਨੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਘੇਰਿਆ
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਅੱਜ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਨੌਕਰੀਆਂ ਦਾ ਨਾ ਹੋਣਾ’ ਹੀ ਮੋਦੀ ਸਰਕਾਰ ਦੀ ਅੱਠ ਸਾਲਾਂ ਦੀ ਵਿਰਾਸਤ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੌਕਰੀਆਂ ਨਾ ਹੋਣ ਤੇ ਵਧ ਰਹੀ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਚਿਦੰਬਰਮ ਨੇ ਇਕ ਟਵੀਟ ਵਿਚ ਕਿਹਾ, ‘ਯੂਪੀ ਵਿਚ ਗਰੇਡ ਸੀ ਨੌਕਰੀਆਂ ਲਈ 37 ਲੱਖ ਅਰਜ਼ੀਕਰਤਾ ਸਨ, ਤੇ 40 ਹਜ਼ਾਰ ਅਗਨੀਵੀਰ ਨੌਕਰੀਆਂ ਲਈ 35 ਲੱਖ ਅਰਜ਼ੀਕਰਤਾ ਸਨ। ਕੀ ਸਰਕਾਰ ਨੌਜਵਾਨਾਂ ਦੀਆਂ ਗੁੱਸੇ ਨਾਲ ਭਰੀਆਂ ਆਵਾਜ਼ਾਂ ਸੁਣ ਰਹੀ ਹੈ ਜੋ ਨਿਰਾਸ਼ ਹਨ ਤੇ ਕੋਈ ਹੋਰ ਬਦਲ ਨਹੀਂ ਹੈ।’ ਚਿਦੰਬਰਮ ਨੇ ਕਿਹਾ ਕਿ ਬੇਰੁਜ਼ਗਾਰੀ 8 ਪ੍ਰਤੀਸ਼ਤ ਤੋਂ ਕਿਤੇ ਵੱਧ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਵਿੱਤ ਮੰਤਰਾਲੇ ਨੇ ਸਤੰਬਰ ਮਹੀਨੇ ਦੀ ਸਮੀਖਿਆ ਵਿਚ ਬੇਰੁਜ਼ਗਾਰੀ ਬਾਰੇ ਕੋਈ ਸ਼ਬਦ ਨਹੀਂ ਕਿਹਾ। ਸੀਨੀਅਰ ਆਗੂ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਦੀ ਆਰਥਿਕ ਸਥਿਤੀ ਨਿੱਘਰ ਗਈ ਹੈ। -ਪੀਟੀਆਈ