ਬਰਧਵਾਨ (ਪੱਛਮੀ ਬੰਗਾਲ), 27 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਸੱਚ ਬੋਲਣ ਵਾਲੇ ਲੋਕਾਂ’ ਖ਼ਿਲਾਫ਼ ਆਪਣੀਆਂ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਦਾ ਬਿਆਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੂੰ ਸੰਮਨ ਭੇਜੇ ਜਾਣ ਦੇ ਕੁਝ ਘੰਟਿਆਂ ਬਾਅਦ ਆਇਆ ਹੈ। ਬੈਨਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਰਾਜ ਦੌਰਾਨ ਸਾਧਾਰਨ ਲੋਕਾਂ ਨੂੰ ‘ਸਤਾਇਆ’ ਜਾ ਰਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਕਾਰੋਬਾਰੀਆਂ ਸਣੇ ਲੱਖਾਂ ਲੋਕ ਦੇਸ਼ ਛੱਡ ਕੇ ਚਲੇ ਗਏ ਹਨ।
ਇੱਥੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ, ‘‘ਭਾਜਪਾ ਜੋ ਕੁਝ ਕਰਨਾ ਚਾਹੁੰਦੀ ਹੈ, ਉਹ ਕਰ ਰਹੀ ਹੈ। ਇਹ ਸੀਬੀਆਈ, ਈਡੀ ਆਦਿ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਉਨ੍ਹਾਂ ਲੋਕਾਂ ਖ਼ਿਲਾਫ਼ ਕਰ ਰਹੀ ਹੈ ਜਿਹੜੇ ਸੱਚ ਬੋਲ ਰਹੇ ਹਨ।’’ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਕਿਹਾ, ‘‘ਅੱਜ ਮੈਂ ਦੇਖਿਆ ਮਹਾਰਾਸ਼ਟਰ ਵਿੱਚ ਇੱਕ ਸ਼ਿਵ ਸੈਨਾ ਨੇਤਾ (ਸੰਜੈ ਰਾਊਤ) ਨੂੰ ਈਡੀ ਵੱਲੋਂ ਸੰਮਨ ਭੇਜੇ ਗਏ। ਕਿਉਂ, ਇਹ (ਭਾਜਪਾ) ਆਮ ਲੋਕਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰੇਗੀ? ਕੀ ਇਹ ਲੋਕਤੰਤਰ ਚਲਾਉਣ ਦਾ ਤਰੀਕਾ ਹੈੈ? ਉਨ੍ਹਾਂ ਦਾਅਵਾ ਕੀਤਾ, ‘‘ਪਿਛਲੇ ਕੁਝ ਵਰ੍ਹਿਆਂ ਵਿੱਚ ਲੱਖਾਂ ਲੋਕ ਅਤੇ ਕਾਰੋਬਾਰੀ ਦੇਸ਼ ਛੱਡ ਕੇ ਚਲੇ ਗਏ ਹਨ। ਤੁਸੀਂ ਪਾਸਪੋਰਟ ਅਤੇ ਵੀਜ਼ਾ ਦਫ਼ਤਰਾਂ ਵਿੱਚੋਂ ਇਹ ਚੈੱਕ ਕਰ ਸਕਦੇ ਹੋ।’’ ਦੱਸਣਯੋਗ ਹੈ ਕਿ ਈਡੀ ਵੱਲੋਂ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ’ਚ ਪੁੱਛ ਪੜਤਾਲ ਲਈ ਲਈ ਰਾਜ ਸਭਾ ਮੈਂਬਰ ਸੰਜੈ ਰਾਊਤ ਨੂੰ 28 ਜੂਨ ਨੂੰ ਆਪਣੇ ਦਫ਼ਤਰ ਬੁਲਾਇਆ ਗਿਆ ਹੈ। -ਪੀਟੀਆਈ