ਹੈਦਰਾਬਾਦ, 2 ਜੂਨ
ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਅੱਜ ਦੋਸ਼ ਲਗਾਇਆ ਕਿ ਕੇਂਦਰ ਦੀ ਐੱਨਡੀਏ ਸਰਕਾਰ ਸੂਬਿਆਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਬਣਾਉਣ ਦੀ ਸਾਜ਼ਿਸ਼ ਕਰ ਰਹੀ ਹੈ ਅਤੇ ਤਿਲੰਗਾਨਾ ਨਾਲ ਭੇਦ-ਭਾਵ ਕਰ ਰਹੀ ਹੈ।
ਇੱਥੇ ਤਿਲੰਗਾਨਾ ਦੇ ਸਥਾਪਨਾ ਦਿਵਸ ਸਬੰਧੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਓ ਨੇ ਦੇਸ਼ ਵਿੱਚ ਕਥਿਤ ਤੌਰ ’ਤੇ ਹੋ ਰਹੀ ਨਫ਼ਰਤ ਦੀ ਰਾਜਨੀਤੀ ਨੂੰ ਲੈ ਕੇ ਕੇਂਦਰ ਤੇ ਹੋਰਾਂ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਕੇਂਦਰ ਦੀ ਸੱਤਾ ’ਤੇ ਬੈਠਣ ਵਾਲੀਆਂ ਸਰਕਾਰਾਂ ਨੇ ਸਿਰਫ਼ ਸੰਵਿਧਾਨ ਦੀ ਆਤਮਾ ਅਤੇ ਸੂਬਿਆਂ ਦੀ ਖ਼ੁਦਮੁਖਤਿਆਰੀ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ, ‘‘ਫਿਲਹਾਲ ਕੇਂਦਰ ਵਿੱਚ ਮੌਜੂਦ ਸਰਕਾਰ ‘ਮਜ਼ਬੂਤ ਕੇਂਦਰ-ਕਮਜ਼ੋਰ ਸੂਬੇ’ ਦੇ ਫ਼ਜ਼ੂਲ ਸਿਧਾਂਤ ’ਤੇ ਆਧਾਰਿਤ ਹੈ। ਇਸ ਵਾਸਤੇ ਇਸ ਸਰਕਾਰ ਦੇ ਰਾਜ ਵਿੱਚ ਸੂਬਿਆਂ ਦੇ ਅਧਿਕਾਰਾਂ ਦੀ ਉਲੰਘਣਾ ਜ਼ਿਆਦਾ ਹੋ ਰਹੀ ਹੈ।’’ ਮੁੱਖ ਮੰਤਰੀ ਨੇ ਤਿਲੰਗਾਨਾ ਸਥਾਪਨਾ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ ਅਤੇ ਵੱਖਰੇ ਰਾਜ ਦੇ ਦਰਜੇ ਲਈ ਜਾਨਾਂ ਵਾਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ
ਕੋਵਿੰਦ ਤੇ ਮੋਦੀ ਨੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ
ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿਲੰਗਾਨਾ ਦੇ ਸਥਾਪਨਾ ਦਿਵਸ ਮੌਕੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ। ਦੋਹਾਂ ਆਗੂਆਂ ਨੇ ਤਿਲੰਗਾਨਾ ਵੱਲੋਂ ਕੁਝ ਹੀ ਸਾਲਾਂ ਵਿੱਚ ਕੀਤੀ ਤਰੱਕੀ ਦਾ ਜ਼ਿਕਰ ਕੀਤਾ। ਸ੍ਰੀ ਕੋਵਿੰਦ ਨੇ ਟਵੀਟ ਕੀਤਾ, ‘ਮੈਂ ਇਹ ਕਾਮਨਾ ਕਰਦਾ ਹਾਂ ਕਿ ਸੂਬਾ ਖੁਸ਼ਹਾਲੀ ਦੇ ਰਾਹ ’ਤੇ ਅੱਗੇ ਵਧੇ ਅਤੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੋਣ।’’ ਉੱਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ ਵਿੱਚ ਕਿਹਾ, ‘‘ਮੈਂ ਤਿਲੰਗਾਨਾ ਦੇ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਕਰਦਾ ਹਾਂ।’’ -ਪੀਟੀਆਈ