ਨਵੀਂ ਦਿੱਲੀ, 19 ਮਾਰਚ
ਗੌਰਮਿੰਟ ਆਫ ਨੈਸ਼ਨਲ ਕੈਪੀਟਲ ਟੈਰੇਟਰੀ ਆਫ ਦਿੱਲੀ (ਸੋਧ) ਬਿੱਲ ਪੇਸ਼ ਕੀਤੇ ਜਾਣ ਦੇ ਕੁਝ ਦਿਨ ਮਗਰੋਂ ਕੇਂਦਰ ਨੇ ਦਿੱਲੀ ਸਰਕਾਰ ਵੱਲੋਂ ਇਸ ਮਹੀਨੇ ਸ਼ੁਰੂ ਕੀਤੀ ਜਾਣ ਵਾਲੀ ‘ਘਰ-ਘਰ ਰਾਸ਼ਨ ਡਿਲਿਵਰੀ’ ਸਕੀਮ ’ਤੇ ਰੋਕ ਦਿੱਤੀ ਹੈ। ਇਹ ਦਾਅਵਾ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਦੇ ਇੱਕ ਸੂਤਰ ਵੱਲੋਂ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਘਰ-ਘਰ ਰਾਸ਼ਨ ਡਿਲਿਵਰੀ ਸਕੀਮ 25 ਮਾਰਚ ਨੂੰ ਸੀਮਾਪੁਰੀ ਇਲਾਕੇ ਤੋਂ ਸ਼ੁਰੂ ਕੀਤੇ ਜਾਣ ਦਾ ਪ੍ਰੋਗਰਾਮ ਸੀ। ਬਹੁਤੀ ਤਫ਼ਸੀਲ ਨਾਲ ਦਿੰਦਿਆਂ ਸੂਤਰ ਨੇ ਦਾਅਵਾ ਕੀਤਾ ਕਿ ਕੇਂਦਰ ਵੱਲੋਂ ਰਾਸ਼ਨ ਘਰ-ਘਰ ਡਿਲਿਵਰੀ ਸਕੀਮ ਰੋਕੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਉੱਪ ਰਾਜਪਾਲ ਨੂੰ ਜ਼ਿਆਦਾ ਸ਼ਕਤੀਆਂ ਦੇਣ ਵਾਲਾ ਗੌਰਮਿੰਟ ਆਫ ਨੈਸ਼ਨਲ ਕੈਪੀਟਲ ਟੈਰੇਟਰੀ ਆਫ ਦਿੱਲੀ (ਸੋਧ) ਬਿੱਲ, 2021 ਸੋਮਵਾਰ ਨੂੰ ਲੋਕ ਸਭਾ ’ਚ ਪੇਸ਼ ਕੀਤਾ ਗਿਆ ਸੀ। ਦਿੱਲੀ ਦੀ ‘ਆਪ’ ਸਰਕਾਰ ਵੱਲੋਂ ਇਸ ਦਾ ਡੱਟਵਾਂ ਵਿਰੋਧ ਕੀਤਾ ਗਿਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਖ਼ਿਲਾਫ਼ ਲੜਾਈ ਜਾਰੀ ਰੱਖੀ ਜਾਵੇਗੀ। -ਏਜੰਸੀ