ਅਹਿਮਦਾਬਾਦ, 6 ਫਰਵਰੀ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਅਹਿਮਦਾਬਾਦ ’ਚ ਰੋਡ ਸ਼ੋਅ ਕਰਨ ਪੁੱਜੇ ਸਿਸੋਦੀਆ ਨੇ ਦੋਸ਼ ਲਾਇਆ ਕਿ ਹੁਕਮਰਾਨ ਭਾਜਪਾ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆ ਕਰਕੇ ਕੁਝ ਕਾਪੋਰੇਟਾਂ ਦੇ ਲਾਭ ਲਈ ਇਹ ਕਾਨੂੰਨ ਲੈ ਕੇ ਆਈ ਹੈ। ਉਨ੍ਹਾਂ ਕਿਹਾ,‘‘ਦਿੱਲੀ ’ਚ ਹਾਈ ਅਲਰਟ ਹੈ ਪਰ ਦੇਸ਼ ਭਰ ’ਚ ਹਰ ਕੋਈ ਕਿਸਾਨਾਂ ਦੇ ਦਰਦ ਨੂੰ ਸਮਝ ਸਕਦਾ ਹੈ। ਗੁਜਰਾਤ ਦੇ ਕਿਸਾਨ ਵੀ ਆਪਣਾ ਪੱਖ ਰੱਖਣ ਲਈ ਦਿੱਲੀ ਗਏ ਹਨ।’’ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੀ ਹਮਾਇਤ ਕਰਦੀ ਹੈ ਅਤੇ ਉਹ ਕਾਨੂੰਨ ਦੇ ਦਾਇਰੇ ਅੰਦਰ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੇ ਪੱਖ ’ਚ ਵੀ ਹੈ। ਸਿਸੋਦੀਆ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਦਾ ਇਕਲੌਤਾ ਬਦਲ ‘ਆਪ’ ਹੀ ਹੈ ਕਿਉਂਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 25 ਸਾਲਾਂ ਤੋਂ ਭਾਜਪਾ ਨਗਰ ਨਿਗਮਾਂ ’ਚ ਸੱਤਾ ’ਤੇ ਕਾਬਜ਼ ਹੈ ਪਰ ਉਹ ਹੈਲਥ ਕੇਅਰ ਅਤੇ ਸਕੂਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ’ਚ ਨਾਕਾਮ ਰਹੀ ਹੈ। -ਪੀਟੀਆਈ