ਰਾਏਰੰਗਪੁਰ: ‘ਉੜੀਸਾ ਦੀ ਧੀ’ ਦਰੋਪਦੀ ਮੁਰਮੂ ਦੇ ਰਾਸ਼ਟਰਪਤੀ ਚੋਣ ਜਿੱਤਣ ’ਤੇ ਉਨ੍ਹਾਂ ਦੇ ਗ੍ਰਹਿ ਨਗਰ ਰਾਏਰੰਗਪੁਰ ’ਚ ਜਸ਼ਨ ਦਾ ਮਾਹੌਲ ਬਣ ਗਿਆ। ਮਯੂਰਭੰਜ ਦੇ ਰਾਏਰੰਗਪੁਰ ਕਸਬੇ ’ਚ ਮੁਰਮੂ ਦੀ ਰਿਹਾਇਸ਼ ਅਤੇ ਪਹਾੜਪੁਰ ਪਿੰਡ ’ਚ ਉਨ੍ਹਾਂ ਦੇ ਸਹੁਰੇ ਘਰ ਦੇ ਬਾਹਰ ਲੋਕ ਇਕੱਠੇ ਹੋ ਗਏ। ਉਹ ਲੋਕ ਸੰਗੀਤ ਦੀਆਂ ਧੁਨਾਂ ’ਤੇ ਨੱਚ ਰਹੇ ਸਨ। ਹੁਕਮਰਾਨ ਬੀਜੇਡੀ ਪਾਰਟੀ ਦੇ ਵਰਕਰ ਵੀ ਆਮ ਲੋਕਾਂ ਦੇ ਨਾਲ ਆਤਿਸ਼ਬਾਜ਼ੀ ਚਲਾਉਂਦੇ ਅਤੇ ਮਠਿਆਈਆਂ ਵੰਡਦੇ ਦੇਖੇ ਗਏ। ਭੁਬਨੇਸ਼ਵਰ ’ਚ ਭਾਜਪਾ ਦੇ ਦਫ਼ਤਰ ਵਿੱਚ ਵੀ ਜਸ਼ਨ ਮਨਾਏ ਗਏ। ਰਾਏਰੰਗਪੁਰ ਕਸਬੇ ਦੇ ਕਈ ਚੌਰਾਹਿਆਂ ’ਤੇ ਮੁਰਮੂ ਦੀ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਰੱਖੜੀ ਬੰਨ੍ਹਣ ਦੀਆਂ ਤਸਵੀਰਾਂ ਵਾਲੇ ਵੱਡੇ ਵੱਡੇ ਬੈਨਰ ਲਗਾਏ ਗਏ ਸਨ। ਸਥਾਨਕ ਨਿਵਾਸੀ ਸੁਦਾਮਿਨੀ ਦਾਸ ਨੇ ਕਿਹਾ,‘‘ਸਾਨੂੰ ਮੁਰਮੂ ’ਤੇ ਮਾਣ ਹੈ ਕਿਉਂਕਿ ਉਹ ਸਾਨੂੰ ਬਹੁਤ ਪਿਆਰੀ ਹੈ। ਉਸ ਨੇ ਆਪਣੀਆਂ ਖੁਸ਼ੀਆਂ ਅਤੇ ਦੁੱਖ ਸਾਡੇ ਨਾਲ ਸਾਂਝੇ ਕੀਤੇ ਹਨ।’’ ਮੁਰਮੂ ਦੇ ਜਨਮ ਸਥਾਨ ਊਪਾਰਬੇੜਾ ਪਿੰਡ ’ਚ ਵੀ ਲੋਕ ਸਵੇਰ ਤੋਂ ਹੀ ਧਾਰਮਿਕ ਅਸਥਾਨਾਂ ਦੇ ਬਾਹਰ ਜੁੜੇ ਹੋਏ ਸਨ ਅਤੇ ਦੇਵੀ ਅੱਗੇ ਮੁਰਮੂ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਸਨ। ਮੁਰਮੂ ਦੇ ਰਿਸ਼ਤੇਦਾਰ ਮਹਿਮਾਨਾਂ ਦਾ ਸਵਾਗਤ ਕਰਨ ’ਚ ਰੁੱਝੇ ਹੋਏ ਸਨ ਜੋ ਪਿਛਲੇ ਤਿੰਨ ਦਿਨਾਂ ਤੋਂ ਵਧਾਈਆਂ ਦੇਣ ਲਈ ਪੁੱਜ ਰਹੇ ਹਨ। ਸਰਕਾਰੀ ਅੱਪਰ ਪ੍ਰਾਇਮਰੀ ਸਕੂਲ, ਜਿਥੇ ਮੁਰਮੂ ਸੱਤਵੀਂ ਜਮਾਤ ਤੱਕ ਪੜ੍ਹੀ ਸੀ, ’ਚ ਵੀ ਸਮਾਗਮ ਰੱਖਿਆ ਗਿਆ। ਸਕੂਲ ’ਚ ਪੜ੍ਹਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਕਿਹਾ,‘‘ਦੀਦੀ ਦੀਆਂ ਪ੍ਰਾਪਤੀਆਂ ਨੇ ਸਾਡੇ ਵਰਗੀਆਂ ਗਰੀਬ ਲੜਕੀਆਂ ਅੰਦਰ ਭਰੋਸਾ ਜਗਾਇਆ ਹੈ। ਉਹ ਸਾਡੀ ਆਦਰਸ਼ ਹਨ।’’ ਹੈੱਡਮਾਸਟਰ ਮਨੋਰੰਜਨ ਮੁਰਮੂ ਨੇ ਕਿਹਾ ਕਿ ਸਕੂਲ ਦੀ ਸਾਬਕਾ ਵਿਦਿਆਰਥਣ ਦੇ ਦੇਸ਼ ਦਾ ਰਾਸ਼ਟਰਪਤੀ ਚੁਣੇ ਜਾਣ ’ਤੇ ਉਨ੍ਹਾਂ ਨੂੰ ਮਾਣ ਹੈ। -ਪੀਟੀਆਈ