ਨਵੀਂ ਦਿੱਲੀ, 20 ਅਗਸਤ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਕੂਲਾਂ ਦੀ ਮਾਨਤਾ ਅਪਗਰੇਡ ਕਰਨ ਲਈ ਆਨਲਾਈਨ ਪੜਤਾਲ ਕਰਨ ਦਾ ਫ਼ੈਸਲਾ ਲਿਆ ਹੈ। ਸੀਬੀਐੱਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਸਕੂਲਾਂ ਨੂੰ ਰਾਹਤ ਦੇਣ ਲਈ ਇਹ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਪਹਿਲਾਂ ਤੋਂ ਹੀ ਬੋਰਡ ਦੀ ਮਾਨਤਾ ਹਾਸਲ ਹੈ ਅਤੇ ਵੱਡੀਆਂ ਜਮਾਤਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧਣ ਕਾਰਨ ਸਕੂਲਾਂ ਨੂੰ ਮਾਨਤਾ ਨਵੇਂ ਸਿਰੇ ਤੋਂ ਲੈਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਵਰਚੁਅਲ ਪੜਤਾਲ ਸੈਸ਼ਨ 2021-22 ਤੱਕ ਰਜਿਸਟਰ ਹੋਏ ਕੇਸਾਂ ਦੀ ਹੋਵੇਗੀ ਅਤੇ ਇਸ ਕੰਮ ਲਈ ਨਵੀਆਂ ਪੜਤਾਲੀਆ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੜਤਾਲੀਆ ਕਮੇਟੀਆਂ ਨੂੰ 10 ਦਿਨਾਂ ਦੇ ਅੰਦਰ ਪੜਤਾਲ ਮੁਕੰਮਲ ਕਰਨੀ ਹੋਵੇਗੀ।
-ਪੀਟੀਆਈ