ਨਵੀਂ ਦਿੱਲੀ, 16 ਜਨਵਰੀ
ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਪਰ ਸੀਬੀਐੱਸਈ ਅਤੇ ਕੇਂਦਰੀ ਸਿੱਖਿਆ ਮੰਤਰਾਲਾ 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਟਰਮ 2 ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਪਹਿਲੀ ਟਰਮ ਦੀ ਪ੍ਰੀਖਿਆ ਨਵੰਬਰ-ਦਸੰਬਰ 2021 ਵਿੱਚ ਹੋਈ ਸੀ ਤੇ ਦੂਜੀ ਇਸ ਸਾਲ ਮਾਰਚ-ਅਪਰੈਲ ਹੋਣੀ ਹੈ। ਇਸ ਸਾਲ ਬੋਰਡ ਇਮਤਿਹਾਨ ਦੇ ਦੂਜੇ ਟਰਮ ਦੇ ਰੱਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਸਿਹਤ ਮਾਹਿਰਾਂ ਨੇ ਪਹਿਲਾਂ ਦੱਸਿਆ ਸੀ ਕਿ ਤੀਜੀ ਲਹਿਰ ਕਾਬੂ ਹੇਠ ਹੈ। ਹਾਲਾਂਕਿ ਜਿਹੜੇ ਵਿਦਿਆਰਥੀ ਇਮਤਿਹਾਨਾਂ ਨੂੰ ਛੱਡਣ ਦਾ ਫੈਸਲਾ ਕਰਦੇ ਹਨ ਉਨ੍ਹਾਂ ਦੀ ਪਹਿਲੀ ਟਰਮ ਦੇ ਟੈਸਟ ਨਤੀਜਿਆਂ ਦੇ ਆਧਾਰ ‘ਤੇ ਗ੍ਰੇਡ ਦਿੱਤਾ ਜਾਵੇਗਾ। ਦੂਜੇ ਟਰਮ ਦੀ ਪ੍ਰੀਖਿਆ ਦਾ ਸਮਾਂ ਦੋ ਘੰਟੇ ਦਾ ਹੋਵੇਗਾ ਅਤੇ ਪ੍ਰਸ਼ਨ ਸਬਜੈਕਟਿਵ ਹੋਣਗੇ। ਸੀਬੀਐੱਸਈ ਦੇ ਅਕਾਦਮਿਕ ਨਿਰਦੇਸ਼ਕ ਜੋਸੇਫ ਇਮੈਨੁਅਲ ਨੇ ਦੱਸਿਆ, ‘10ਵੀਂ ਅਤੇ 12ਵੀਂ ਜਮਾਤ ਦੀਆਂ ਟਰਮ 2 ਪ੍ਰੀਖਿਆਵਾਂ ਲਈ ਨਮੂਨਾ ਪ੍ਰਸ਼ਨ ਪੱਤਰ ਅਤੇ ਮਾਰਕਿੰਗ ਸਕੀਮਾਂ ਵੈੱਬਸਾਈਟ ‘ਤੇ ਜਾਰੀ ਕੀਤੀਆਂ ਗਈਆਂ ਹਨ ਅਤੇ ਸੀਬੀਐੱਸਈ ਨਾਲ ਸਬੰਧਤ ਸਕੂਲਾਂ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਹੈ।’ ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ, ‘ਜੇਕਰ ਸਥਿਤੀ ਹੋਰ ਵਿਗੜਦੀ ਹੈ ਤਾਂ ਹੀ ਪ੍ਰੀਖਿਆਵਾਂ ਦੀ ਦੂਜੀ ਟਰਮ ਨਹੀਂ ਹੋਵੇਗੀ। ਪਹਿਲੇ ਪੜਾਅ ਵਿੱਚ ਪ੍ਰਾਪਤ ਅੰਕਾਂ ਨੂੰ ਅੰਤਮ ਮੰਨਿਆ ਜਾਵੇਗਾ।