ਨਵੀਂ ਦਿੱਲੀ, 22 ਜੁਲਾਈ
ਸੀਬੀਐੱਸਈ ਨੇ 12ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਅੱਜ ਉਪਰੋਥਲੀ ਐਲਾਨ ਦਿੱਤੇ ਹਨ। ਪਿਛਲੇ ਸਾਲਾਂ ਵਾਂਗ ਕੁੜੀਆਂ ਇਕ ਵਾਰ ਮੁੰਡਿਆਂ ਨਾਲੋਂ ਮੋਹਰੀ ਰਹੀਆਂ। ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਪਾਸ ਫੀਸਦ 92.71 ਜਦੋਂਕਿ 10ਵੀਂ ਜਮਾਤ ਲਈ 94.40 ਫੀਸਦ ਰਹੀ। ਪਿਛਲੇ ਸਾਲ ਬਾਰ੍ਹਵੀਂ ਜਮਾਤ ਦੀ ਪਾਸ ਫੀਸਦ 99.37 ਫੀਸਦ ਸੀ, ਹਾਲਾਂਕਿ ਉਦੋਂ ਨਤੀਜਾ ਵਿਸ਼ੇਸ਼ ਅਸੈੱਸਮੈਂਟ (ਮੁਲਾਂਕਣ) ਸਕੀਮ ’ਤੇ ਆਧਾਰਿਤ ਸੀ ਕਿਉਂਕਿ ਕਰੋਨਾ ਮਹਾਮਾਰੀ ਕਰਕੇ ਬੋਰਡ ਪ੍ਰੀਖਿਆਵਾਂ ਨਹੀਂ ਹੋਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਰਡ ਪ੍ਰੀਖਿਆਵਾਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਅੱਗੇ ਉਹੀ ਵਿਸ਼ੇ ਲੈਣ ਜਿਨ੍ਹਾਂ ਨੂੰ ਪੜ੍ਹਨ ਦਾ ਜਨੂੰਨ ਹੋਵੇ। ਕਾਬਿਲੇਗੌਰ ਹੈ ਕਿ ਐਤਕੀਂ ਬੋਰਡ ਪ੍ਰੀਖਿਆਵਾਂ ਦੋ ਟਰਮਾਂ ਵਿੱਚ ਲਈਆਂ ਗਈਆਂ ਸਨ।
ਸੈਂਟਰਲ ਬੋਰਡ ਆਫ ਸੈਕੰਡਰੀ ਸਿੱਖਿਆ (ਸੀਬੀਐੱਸਈ) ਨੇ ਕਿਹਾ ਕਿ ਸਾਲ 2020 ਤੇ 2019 ਵਿੱਚ ਪਾਸ ਫੀਸਦ ਕ੍ਰਮਵਾਰ 88.78 ਤੇ 83.40 ਸੀ। ਬੋਰਡ ਨੇ ਪਿਛਲੇ ਸਾਲਾਂ ਵਾਂਗ ਐਤਕੀਂ ਵੀ ਮੈਰਿਟ ਸੂਚੀ ਨਹੀਂ ਐਲਾਨੀ। ਸਰਕਾਰ ਨੇ ਸਾਲ 2020 ਤੋਂ ਮੈਰਿਟ ਸੂਚੀ ਐਲਾਨਣੀ ਬੰਦ ਕੀਤੀ ਹੋਈ ਹੈ। ਇਸ ਸਾਲ ਕੁੜੀਆਂ ਦੀ ਪਾਸ ਫੀਸਦ 94.54 ਜਦੋਂਕਿ ਮੁੰਡਿਆਂ ਦੀ 91.25 ਰਹੀ ਹੈ। ਟਰਾਂਸਜੈਂਡਰ ਉਮੀਦਵਾਰਾਂ ਦੀ ਪਾਸ ਫੀਸਦ 100% ਹੈ। ਕੁੱਲ 33,432 ਵਿਦਿਆਰਥੀਆਂ ਨੇ 95 ਫੀਸਦ ਤੋਂ ਵੱਧ ਅੰਕ ਲਏ ਜਦੋਂਕਿ 90 ਫੀਸਦ ਨੰਬਰ ਲੈਣ ਵਾਲੇ 1,34,797 ਵਿਦਿਆਰਥੀ ਹਨ। 67000 ਤੋਂ ਵੱਧ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਦਸਵੀਂ ਵਿੱਚ 94.40 ਫੀਸਦ ਵਿਦਿਆਰਥੀ ਪ੍ਰੀਖਿਆ ਪਾਸ ਕਰਨ ਵਿੱਚ ਸਫ਼ਲ ਰਹੇ। 95.21 ਫੀਸਦ ਨਾਲ ਕੁੜੀਆਂ ਇਕ ਵਾਰ ਫਿਰ ਮੋਹਰੀ ਰਹੀਆਂ ਜਦੋਂਕਿ 93.80 ਫੀਸਦ ਮੁੰਡਿਆਂ ਨੇ ਪ੍ਰੀਖਿਆ ਪਾਸ ਕੀਤੀ। ਟਰਾਂਸਜੈਂਡਰ ਉਮੀਦਵਾਰਾਂ ਦੀ ਪਾਸ ਫੀਸਦ 90% ਰਹੀ। ਉੁਂਜ ਪਹਿਲੀ ਵਾਰ ਹੈ ਜਦੋਂ ਸੀਬੀਐੱਸਈ ਨੇ ਇਕੋ ਦਿਨ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ ਹਨ। -ਪੀਟੀਆਈ
2022-23 ਸੈਸ਼ਨ ਲਈ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ
ਨਵੀਂ ਦਿੱਲੀ: ਸੀਬੀਐੱਸਈ ਵੱਲੋਂ ਅਕਾਦਮਿਕ ਸੈਸ਼ਨ 2022-23 ਲਈ 10ਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਸਾਲ 15 ਫਰਵਰੀ ਤੋਂ ਲਈਆਂ ਜਾਣਗੀਆਂ। ਸੀਬੀਐੱਸਈ ਦੇ ਕੰਟਰੋਲਰ ਪ੍ਰੀਖਿਆਵਾਂ ਸੰਯਮ ਭਾਰਦਵਾਜ ਨੇ ਕਿਹਾ ਕਿ 2023 ਵਿੱਚ ਅਕਾਦਮਿਕ ਸਾਲ ਦੇ ਅਖੀਰ ਵਿੱਚ ਸਿਰਫ਼ ਇਕੋ ਪ੍ਰੀਖਿਆ ਹੋਵੇਗੀ। ਭਾਰਦਵਾਜ ਨੇ ਕਿਹਾ, ‘‘ਆਲਮੀ ਪੱਧਰ ’ਤੇ ਕੋਵਿਡ ਮਹਾਮਾਰੀ ਦੇ ਘਟਦੇ ਅਸਰ ਦੀ ਰੋਸ਼ਨੀ ਵਿੱਚ ਬੋਰਡ ਨੇ ਸਾਲ 2023 ਵਿੱਚ 15 ਫਰਵਰੀ ਤੋਂ ਬੋਰਡ ਪ੍ਰੀਖਿਆਵਾਂ ਲੈਣ ਦਾ ਫੈਸਲਾ ਕੀਤਾ ਹੈ।’’ ਭਾਰਦਵਾਜ ਨੇ ਕਿਹਾ, ‘‘ਸੀਬੀਐੱਸਈ ਨੇ ਆਪਣੀ ਪੁਰਾਣੀ ਰਵਾਇਤ ਵੱਲ ਪਰਤਦਿਆਂ ਸਾਲ ਵਿੱਚ ਇਕ ਵਾਰ ਬੋਰਡ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਕੀਤਾ ਹੈ। ਸਾਲ 2022 ਵਿੱਚ ਕੋਵਿਡ-19 ਕਰਕੇ ਇਹ ਪ੍ਰੀਖਿਆਵਾਂ ਦੋ ਟਰਮਾਂ ਵਿੱਚ ਲਈਆਂ ਗਈਆਂ ਸਨ।’’