ਨਵੀਂ ਦਿੱਲੀ, 23 ਨਵੰਬਰ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਜਾਂ ਅੱਗੇ ਪਾਉਣ ਦੀਆਂ ਕਿਆਸ ਅਰਾਈਆਂ ਦਰਮਿਆਨ ਸੀਬੀਐੱਸਈ ਨੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 2020-21 ਲਈ ਸੰਭਾਵੀ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਵੱਲੋਂ ਪ੍ਰੈਕਟੀਕਲ ਪ੍ਰੀਖਿਆਵਾਂ ਪਹਿਲੀ ਜਨਵਰੀ ਤੋਂ 8 ਫਰਵਰੀ ਤਕ ਲਈਆਂ ਜਾ ਸਕਦੀਆਂ ਹਨ। ਸੀਬੀਐੱਸਈ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਹੈ ਕਿ ਸਹੀ ਤਰੀਕਾਂ ਬਾਰੇ ਜਲਦੀ ਹੀ ਨੋਟੀਫਾਈ ਕੀਤਾ ਜਾਵੇਗਾ। ਸੀਬੀਐੈੱਸਈ ਨੇ 10ਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਸ਼ਡਿਊਲ ਲਈ ਭਾਵੇਂ ਅਜੇ ਤਕ ਰਸਮੀ ਤੌਰ ’ਤੇ ਐਲਾਨ ਨਹੀਂ ਕੀਤਾ, ਪਰ ਬੋਰਡ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਦਾ ਪ੍ਰੀਖਿਆਵਾਂ ਨੂੰ ਰੱਦ ਜਾਂ ਅੱਗੇ ਪਾਉਣ ਦਾ ਕੋਈ ਇਰਾਦਾ ਨਹੀਂ ਹੈ। ਬੋਰਡ ਨੇ ਪ੍ਰੈਕਟੀਕਲ ਪ੍ਰੀਖਿਆਵਾਂ ਲੈਣ ਲਈ ਮਾਪਦੰਡ ਨਿਰਧਾਰਿਤ ਕਰ ਦਿੱਤੇ ਹਨ। ਸਾਰੇ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ ਲੈਣ ਲਈ ਵੱਖਰੀਆਂ ਤਰੀਕਾਂ ਦਿੱਤੀਆਂ ਜਾਣਗੀਆਂ। ਬੋਰਡ ਇਸ ਕੰਮ ਲਈ ਨਿਗਰਾਨ ਨਿਯੁਕਤ ਕਰੇਗਾ, ਜੋ ਪ੍ਰੈਕਟੀਕਲ ਤੇ ਪ੍ਰਾਜੈਕਟ ਮੁਲਾਂਕਣ ਦੀ ਨਿਗਰਾਨੀ ਕਰਨਗੇ। -ਆਈਏਐੱਨਐੱਸ