ਨਵੀਂ ਦਿੱਲੀ: ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ (ਸੀਬੀਐੱਸਈ) 10ਵੀਂ ਤੇ 12ਵੀਂ ਦੀਆਂ 4 ਮਈ ਤੋਂ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਸ਼ਡਿਊਲ ਐਲਾਨ ਦਿੱਤਾ ਹੈ। ਸੀਬੀਐੱਸਈ ਵੱਲੋਂ ਜਾਰੀ ਡੇਟਸ਼ੀਟ ਮੁਤਾਬਕ ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਕ੍ਰਮਵਾਰ 7 ਜੂਨ ਤੇ 10 ਜੂਨ ਨੂੰ ਖ਼ਤਮ ਹੋਣਗੀਆਂ। ਆਮ ਕਰਕੇ ਇਨ੍ਹਾਂ ਜਮਾਤਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਜਨਵਰੀ ਜਦੋਂਕਿ ਲਿਖਤੀ ਪ੍ਰੀਖਿਆਵਾਂ ਫਰਵਰੀ ਵਿੱਚ ਸ਼ੁਰੂ ਹੋ ਕੇ ਮਾਰਚ ’ਚ ਨਿੱਬੜ ਜਾਂਦੀਆਂ ਹਨ, ਪਰ ਐਤਕੀਂ ਕੋਵਿਡ-19 ਮਹਾਮਾਰੀ ਕਰਕੇ ਮੌਜੂਦਾ ਸੈਸ਼ਨ ਦੀਆਂ ਪ੍ਰੀਖਿਆਵਾਂ ਨੂੰ ਅੱਗੇ ਪਾਉਣਾ ਪਿਆ ਹੈ। ਪਿਛਲੇ ਸਾਲ ਕੋਵਿਡ-19 ਦੇ ਫੈਲਾਅ ਕਰਕੇ ਮਾਰਚ ਵਿੱਚ ਹੀ ਦੇਸ਼ ਭਰ ਦੇ ਸਕੂਲ ਬੰਦ ਕਰ ਦਿੱਤੇ ਗਏ ਸੀ, ਜੋ ਕਿ 15 ਅਕਤੂਬਰ ਤੋਂ ਕੁਝ ਰਾਜਾਂ ਵਿੱਚ ਅੰਸ਼ਕ ਤੌਰ ’ਤੇ ਖੋਲ੍ਹ ਦਿੱਤੇ ਗਏ ਹਨ। ਚੇਤੇ ਰਹੇ ਕਿ ਪਿਛਲੇ ਸਾਲ ਮਾਰਚ ਵਿੱਚ ਦੇਸ਼ਿਵਆਪੀ ਤਾਲਾਬੰਦੀ ਦੇ ਐਲਾਨ ਕਰਕੇ ਬੋਰਡ ਪ੍ਰੀਖਿਆਵਾਂ ਨੂੰ ਅੱਧ ਵਿਚਾਲੇ ਮੁਲਤਵੀ ਕਰਨਾ ਪਿਆ ਸੀ।
-ਪੀਟੀਆਈ