ਗਾਜ਼ੀਆਬਾਦ, 30 ਅਗਸਤ
ਸੀਬੀਆਈ ਨੇ ਅੱਜ ਇੱਥੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਬੈਂਕ ਲਾਕਰ ਦੀ ਤਲਾਸ਼ੀ ਲਈ। ਸੀਬੀਆਈ ਜਦੋਂ ਉੱਥੇ ਪਹੁੰਚੀ ਤਾਂ ਬੈਂਕ ਦੇ ਬਾਹਰ ਹਫੜਾ-ਦਫੜੀ ਮਚ ਗਈ, ਮੀਡੀਆ ਦੇ ਨਾਲ ਨਾਲ ਆਮ ਲੋਕਾਂ ਦਾ ਇਕੱਠ ਵੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ ਦੇ ਕਰੀਬ ਪੰਜ ਅਧਿਕਾਰੀਆਂ ਦੀ ਟੀਮ ਲਾਕਰ ਦੀ ਤਲਾਸ਼ੀ ਲਈ ਰਾਸ਼ਟਰੀ ਰਾਜਧਾਨੀ ਦੇ ਬਾਹਰਵਾਰ ਗਾਜ਼ੀਆਬਾਦ ਦੇ ਸੈਕਟਰ-4 ਵਸੁੰਧਰਾ ਸਥਿਤ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੀ ਸ਼ਾਖਾ ਵਿੱਚ ਪਹੁੰਚੀ। ਸਿਸੋਦੀਆ ਵੀ ਆਪਣੀ ਪਤਨੀ ਨਾਲ ਬੈਂਕ ਵਿੱਚ ਮੌਜੂਦ ਸਨ। ਇਸ ਦੌਰਾਨ ਸ੍ਰੀ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਏਜੰਸੀ ਨੂੰ ਉਨ੍ਹਾਂ ਦੇ ਲਾਕਰ ’ਚੋਂ ਕੁੱਝ ਨਹੀ ਮਿਲਿਆ।