ਨਾਗਪੁਰ, 27 ਦਸੰਬਰ
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਸੀਬੀਆਈ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਇਸ ਗੱਲ ਸਬੰਧੀ ਸਪੱਸ਼ਟ ਕਰੇ ਕਿ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਕਤਲ ਸੀ ਜਾਂ ਖ਼ੁਦਕੁਸ਼ੀ? ਉਨ੍ਹਾਂ ਕਿਹਾ ਕਿ ਸੀਬੀਆਈ ਨੂੰ ਇਸ ਕੇਸ ਸਬੰਧੀ ਆਪਣੀ ਰਿਪੋਰਟ ਜਲਦੀ ਤੋਂ ਜਲਦੀ ਪੇਸ਼ ਕਰਨੀ ਚਾਹੀਦੀ ਹੈ। ਸ੍ਰੀ ਦੇਸ਼ਮੁੱਖ ਨੇ ਮੀਡੀਆ ਕਾਨਫਰੰਸ ਮੌਕੇ ਕਿਹਾ,‘ਮਹਾਰਾਸ਼ਟਰ ਤੇ ਮੁਲਕ ਦੇ ਲੋਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਸਬੰਧੀ ਸੀਬੀਆਈ ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਬਾਰੇ ਜਾਣਨ ਲਈ ਉਤਸੁਕ ਹਨ। ਲੋਕ ਮੈਨੂੰ ਇਸ ਕੇਸ ਦੀ ਸਥਿਤੀ ਬਾਰੇ ਪੁੱਛਦੇ ਹਨ… ਮੇਰੀ ਸੀਬੀਆਈ ਨੂੰ ਗੁਜ਼ਾਰਿਸ਼ ਹੈ ਕਿ ਉਹ ਇਸ ਤੱਥ ਦਾ ਖੁਲਾਸਾ ਕਰੇ ਕਿ ਸੁਸ਼ਾਂਤ ਦੀ ਮੌਤ ਖ਼ੁਦਕੁਸ਼ੀ ਸੀ ਜਾਂ ਕਤਲ।’ ਉਨ੍ਹਾਂ ਕਿਹਾ ਕਿ ਸੀਬੀਆਈ ਨੂੰ ਇਹ ਕੇਸ ਸੌਂਪਣ ਮਗਰੋਂ ਪੰਜ ਤੋਂ ਛੇ ਮਹੀਨੇ ਬੀਤ ਚੁੱਕੇ ਹਨ। ਇਸ ਲਈ, ਏਜੰਸੀ ਨੂੰ ਆਪਣੀ ਰਿਪੋਰਟ ਜਿੰਨੀ ਜਲਦੀ ਹੋ ਸਕੇ, ਜਨਤਕ ਕਰਨੀ ਚਾਹੀਦੀ ਹੈ ਕਿ ਇਹ ਖ਼ੁਦਕੁਸ਼ੀ ਸੀ ਜਾਂ ਕਤਲ?’ -ਪੀਟੀਆਈ