ਨਵੀਂ ਦਿੱਲੀ, 29 ਜੁਲਾਈ
ਸੀਬੀਆਈ ਨੇ ਰਿਸ਼ਵਤਖੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਦਿੱਲੀ ਅਦਾਲਤ ਦੀ ਮੁਅੱਤਲ ਜੱਜ ਰਚਨਾ ਲਖਨਪਾਲ ਅਤੇ ਉਸ ਦੇ ਪਤੀ ਵਿਰੁੱਧ 2.99 ਕਰੋੜ ਰੁਪਏ ਦੀ ਕਥਿਤ ਤੌਰ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਸਾਲ 2016 ਦਾ ਹੈ ਜਿਸ ਵੇਲੇ ਰਚਨਾ ਲਖਨਪਾਲ ਤੀਸ ਹਜ਼ਾਰੀ ਅਦਾਲਤ ਵਿੱਚ ਸੀਨੀਅਰ ਸਿਵਲ ਜੱਜ ਵਜੋਂ ਤਾਇਨਾਤ ਸੀ। ਉਸ ’ਤੇ ਆਪਣੇ ਵਕੀਲ ਪਤੀ ਨਾਲ ਮਿਲ ਕੇ ਇਕ ਧਿਰ ਕੋਲੋਂ ਚਾਰ ਲੱਖ ਰੁਪਏ ਲੈ ਕੇ ਉਸ ਦੇ ਹੱਕ ਵਿਚ ਫੈਸਲਾ ਦੇਣ ਦੇ ਦੋਸ਼ ਲੱਗੇ ਸਨ ਜਿਸ ਕਾਰਨ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ 2018 ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਤੋਂ ਬਾਅਦ ਸੀਬੀਆਈ ਨੇ ਦੋਵਾਂ ਦਾ ਸਾਲ 2006-16 ਦੌਰਾਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਘੁਟਾਲਾ ਉਜਾਗਰ ਕੀਤਾ ਸੀ। ਜਾਂਚ ਏਜੰਸੀ ਨੇ ਐਫਆਈਆਰ ਵਿੱਚ ਦੋਸ਼ ਲਾਇਆ ਕਿ 27 ਜੁਲਾਈ 2006 ਨੂੰ ਜਦੋਂ ਰਚਨਾ ਲਖਨਪਾਲ ਨੇ ਜੁਡੀਸ਼ਲ ਸੇਵਾਵਾਂ ਵਿਚ ਨੌਕਰੀ ਸ਼ੁਰੂ ਕੀਤੀ ਤਾਂ ਜੋੜੇ ਕੋਲ 1.09 ਲੱਖ ਰੁਪਏ ਦੀ ਜਾਇਦਾਦ ਸੀ ਜੋ 28 ਸਤੰਬਰ 2016 ਨੂੰ 3.53 ਕਰੋੜ ਰੁਪਏ ਤੋਂ ਵੱਧ ਹੋ ਗਈ। ਇਸ ਮਿਆਦ ਦੌਰਾਨ ਜੋੜੇ ਦੀ ਆਮਦਨ 1.05 ਕਰੋੜ ਰੁਪਏ ਸੀ ਜਦੋਂ ਕਿ ਉਨ੍ਹਾਂ ਦਾ ਖਰਚਾ 51.73 ਲੱਖ ਰੁਪਏ ਸੀ। ਸੀਬੀਆਈ ਨੇ ਇਹ ਵੀ ਸਪਸ਼ਟ ਕੀਤਾ ਕਿ ਦੋਵੇਂ ਜਣੇ ਇਸ ਜਾਇਦਾਦ ਬਾਰੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।ਪੀਟੀਆਈ