ਨਵੀਂ ਦਿੱਲੀ, 6 ਜੁਲਾਈ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੇ ਕਿਰੂ ਹਾਈਡ੍ਰੋ ਪਾਵਰ ਪ੍ਰਾਜੈਕਟ ਲਈ 2200 ਕਰੋੜ ਰੁਪਏ ’ਚ ਸਿਵਲ ਕੰਮ ਦਾ ਠੇਕਾ ਦੇਣ ਵਿਚ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲੇ ’ਚ ਦੇਸ਼ ਭਰ ਦੀਆਂ 16 ਥਾਵਾਂ ਉਤੇ ਸੀਬੀਆਈ ਵੱਲੋਂ ਛਾਪੇ ਮਾਰੇ ਗਏ ਹਨ। ਇਸ ਪ੍ਰਾਜੈਕਟ ਵਿਚ ਕਥਿਤ ਭ੍ਰਿਸ਼ਟਾਚਾਰ ਦਾ ਦੋਸ਼ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਲਾਇਆ ਗਿਆ ਸੀ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਵਿਚੋਲਿਆਂ ਤੇ ਪ੍ਰਾਜੈਕਟ ਵਿਚ ਸ਼ਾਮਲ ਵਿਅਕਤੀਆਂ ਦੇ ਸ੍ਰੀਨਗਰ ਵਿਚ ਦੋ ਟਿਕਾਣਿਆਂ, ਮੁੰਬਈ ’ਚ ਤਿੰਨ ਤੇ ਪਟਨਾ ਵਿਚ ਇਕ ਟਿਕਾਣੇ ਉਤੇ ਛਾਪੇ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੂੰ ਤਿੰਨ ਮਹੀਨਿਆਂ ਦੀ ਜਾਂਚ ਦੌਰਾਨ ਚਨਾਬ ਵੈਲੀ ਪਾਵਰ ਪ੍ਰਾਜੈਕਟ ਲਿਮਟਿਡ ਦੇ ਤਤਕਾਲੀ ਚੇਅਰਮੈਨ ਨਵੀਨ ਕੁਮਾਰ ਚੌਧਰੀ ਸਣੇ ਮੁਲਜ਼ਮ ਨੌਕਰਸ਼ਾਹਾਂ ਤੇ ਵਿਚੋਲਿਆਂ ਵਿਚਾਲੇ ਕੁਝ ਵਿੱਤੀ ਲੈਣ-ਦੇਣ ਦਾ ਪਤਾ ਲੱਗਾ ਹੈ। ਸੀਬੀਆਈ ਦੇ ਬੁਲਾਰੇ ਆਰ.ਸੀ. ਜੋਸ਼ੀ ਨੇ ਕਿਹਾ ਕਿ ਜਾਂਚ ਦੌਰਾਨ ਵਿੱਤੀ ਲੈਣ-ਦੇਣ ਦੇ ਸਬੂਤ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਮੁੰਬਈ ਦੇ ਪਟੇਲ ਇੰਜਨੀਅਰਿੰਗ ਦੇ ਚੇਅਰਮੈਨ ਤੇ ਐਮਡੀ ਰੂਪੇਨ ਪਟੇਲ, ਵਿਜੈ ਗੁਪਤਾ ਤੇ ਅਮਰਿੰਦਰ ਕੁਮਾਰ ਸਿੰਘ ਆਦਿ ਦੇ ਟਿਕਾਣਿਆਂ ਉਤੇ ਛਾਪੇ ਮਾਰ ਰਹੀ ਹੈ।