ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਕਿਹਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ’ਤੇ ਸੀਬੀਆਈ ਛਾਪੇ ਦਾ ਮਕਸਦ ਸ਼ਰਾਬ ਨੀਤੀ ਨੂੰ ਰੋਕਣਾ ਨਹੀਂ ਸਗੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ‘ਸਿੱਖਿਆ ਅਤੇ ਸਿਹਤ ਮਾਡਲ’ ਨੂੰ ਰੋਕਣਾ ਹੈ। ਇਥੇ ਪਾਰਟੀ ਹੈੱਡਕੁਆਰਟਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਹਰਮਨਪਿਆਰਤਾ ਪੂਰੇ ਦੇਸ਼ ਵਿੱਚ ਫੈਲੀ ਹੋਈ ਹੈ, ਜਿਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਕਰਮੰਦ ਹਨ। ਸ੍ਰੀ ਮੋਦੀ ਨੂੰ ਇਹੀ ਫ਼ਿਕਰ ਲੱਗਾ ਰਹਿੰਦਾ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਕਿਵੇਂ ਰੋਕਿਆ ਜਾਵੇ? ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਨੀਤੀ ਦਾ ਮੁੱਦਾ ਹੁੰਦਾ ਤਾਂ ਗੁਜਰਾਤ ਵਿੱਚ ਭਾਜਪਾ ਨੇਤਾਵਾਂ ਵੱਲੋਂ ਜ਼ਹਿਰੀਲੀ ਸ਼ਰਾਬ ਬਣਾਉਣ ਦੀ ਜਾਂਚ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜਿਹੜਾ ਪ੍ਰਧਾਨ ਮੰਤਰੀ ‘ਸਿੱਖਿਆ ਅਤੇ ਸਿਹਤ’ ਉੱਤੇ ਕੰਮ ਨਹੀਂ ਕਰਨ ਦਿੰਦਾ, ਉਹ ਦੇਸ਼ ਨੂੰ ਕੀ ਅੱਗੇ ਲੈ ਕੇ ਜਾਵੇਗਾ।