ਨਵੀਂ ਦਿੱਲੀ, 20 ਮਈ
ਸੀਬੀਆਈ ਨੇ ਸਾਲ 2007-14 ਤੱਕ ਇਫਕੋ ਦੇ ਐਮਡੀ ਯੂ ਐੱਸ ਅਵਸਥੀ ਦੇ ਐੱਨਆਰਆਈ ਪੁੱਤਰਾਂ, ਭਾਰਤੀ ਪੋਟਾਸ਼ ਲਿਮਿਟਡ ਦੇ ਐੱਮਡੀ ਪੀ ਐੱਸ ਗਹਿਲੋਤ ਅਤੇ ਹੋਰਾਂ ਵੱਲੋਂ ਵਿਦੇਸ਼ੀ ਸਪਲਾਇਰਾਂ ਤੋਂ ਪ੍ਰਾਪਤ ਕੀਤੇ ਗਏ ਲਗਪਗ 685 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਗੈਰ-ਕਾਨੂੰਨੀ ਕਮਿਸ਼ਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲੈਣ-ਦੇਣ ਦਾ ਪ੍ਰਬੰਧ ਅਗਸਤਾਵੈਸਟਲੈਂਡ ਕੇਸ ਦੇ ਮੁੱਖ ਮੁਲਜ਼ਮ ਰਾਜੀਵ ਸਕਸੈਨਾ ਵੱਲੋਂ ਕੀਤਾ ਗਿਆ ਸੀ। ਸੀਬੀਆਈ ਨੇ ਐੱਫਆਈਆਰ ਵਿੱਚ ਦੋਸ਼ ਲਾਇਆ ਕਿ ਇਹ ਕਮਿਸ਼ਨ ਖਾਦਾਂ ਤੇ ਕੱਚੀ ਸਮੱਗਰੀ ਦੇ ਸਪਲਾਇਰਾਂ ਤੋਂ ਪ੍ਰਾਪਤ ਕੀਤੇ ਗਏ ਸਨ, ਜਿਸ ਲਈ ਕਾਫ਼ੀ ਜਟਿਲ ਪ੍ਰਣਾਲੀ ਦੀ ਵਰਤੋਂ ਕੀਤੀ ਗਈ ਸੀ। ਸੀਬੀਆਈ ਨੂੰ ਕੈਮੀਕਲ ਤੇ ਫਰਟੀਲਾਈਜਰ ਮੰਤਰਾਲੇ ਵੱਲੋਂ ਭੇਜੀਆਂ ਦੋ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚ ਐੱਮਪੀ ਨਿਸ਼ੀਕਾਂਤ ਦੂਬੇ ਤੇ ਬਰੇਲੀ (ਯੂਪੀ) ਤੋਂ ਸੁਦੀਸ਼ ਤ੍ਰਿਪਾਠੀ ਦੀਆਂ ਸ਼ਿਕਾਇਤਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਰਲਦੇ-ਮਿਲਦੇ ਦੋਸ਼ ਲਾਏ ਗਏ ਸਨ।-ਪੀਟੀਆਈ