ਮੁੰਬਈ, 29 ਅਗਸਤ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਸੀਬੀਆਈ ਦੇ ਜਾਂਚ ਅਧਿਕਾਰੀ ਨੂੰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ 100 ਕਰੋੜ ਰੁਪਏ ਦੀ ਵਸੂਲੀ ਕਰਨ ਦੇ ਲੱਗੇ ਦੋਸ਼ਾਂ ਵਿਚ ਮੰਤਰੀ ਦੀ ਕੋਈ ਭੂਮਿਕਾ ਨਹੀਂ ਮਿਲੀ ਸੀ ਤੇ ਉਨ੍ਹਾਂ ਜਾਂਚ ਬੰਦ ਕਰ ਦਿੱਤੀ ਸੀ। ਪਰ ਕੇਂਦਰੀ ਏਜੰਸੀ ਨੇ ਇਕ ‘ਸਾਜ਼ਿਸ਼’ ਤਹਿਤ ਇਹ ‘ਰਿਪੋਰਟ’ ਰੱਦ ਕਰ ਦਿੱਤੀ। ਦੇਸ਼ਮੁਖ ’ਤੇ ਇਹ ਦੋਸ਼ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੇ ਲਾਏ ਸਨ। ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਬੁਲਾਰੇ ਸਚਿਨ ਸਾਵੰਤ ਨੇ ਜਾਂਚ ਅਧਿਕਾਰੀ ਦੀ ਰਿਪੋਰਟ ‘ਰੱਦ ਕਰਨ’ ਦੀ ਸੀਬੀਆਈ ਦੀ ‘ਸਾਜ਼ਿਸ਼’ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।’ ਜ਼ਿਕਰਯੋਗ ਹੈ ਕਿ ਇਸੇ ਸਾਲ 24 ਅਪਰੈਲ ਨੂੰ ਭ੍ਰਿਸ਼ਟਾਚਾਰ ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਹੇਠ ਦੇਸ਼ਮੁਖ ਤੇ ਹੋਰਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਸਾਵੰਤ ਨੇ ਸਵਾਲ ਉਠਾਇਆ ਕਿ ਇਸ ਮਾਮਲੇ ਵਿਚ ਕਿਸ ਦੇ ਕਹਿਣ ਉਤੇ ਸੀਬੀਆਈ ਨੇ ਜਾਂਚ ਅਧਿਕਾਰੀ ਦੀ ਰਿਪੋਰਟ ਨੂੰ ਰੱਦ ਕਰਕੇ ਆਪਣਾ ਰੁਖ਼ ਬਦਲਿਆ? ਹਾਈ ਕੋਰਟ ਨੇ ਦੇਸ਼ਮੁਖ ਦੇ ਖ਼ਿਲਾਫ਼ ਸਿਰਫ਼ ਮੁੱਢਲੀ ਜਾਂਚ ਲਈ ਕਿਹਾ ਸੀ ਪਰ ਐਫਆਈਆਰ ਦਰਜ ਕਰਦਿਆਂ ਸੀਬੀਆਈ ਨੇ ਵੱਡਾ ਅਪਰਾਧ ਕੀਤਾ ਹੈ। ਸਾਵੰਤ ਨੇ ਕਿਹਾ ਕਿ ਅਨਿਲ ਦੇਸ਼ਮੁਖ ਨੂੰ ਨਿਸ਼ਾਨਾ ਬਣਾਉਣ ਤੇ ‘ਮਹਾ ਵਿਕਾਸ ਅਗਾੜੀ’ ਗੱਠਜੋੜ ਸਰਕਾਰ ਦੀ ‘ਸਾਖ਼ ਵਿਗਾੜਨ’ ਲਈ ਮੋਦੀ ਸਰਕਾਰ ਵੱਲੋਂ ਰਚੀ ‘ਸਾਜ਼ਿਸ਼’ ਦਾ ਪਰਦਾਫਾਸ਼ ਹੋ ਗਿਆ ਹੈ। ਐਨਸੀਪੀ ਦੇ ਕੌਮੀ ਬੁਲਾਰੇ ਨਵਾਬ ਮਲਿਕ ਨੇ ਸੀਬੀਆਈ ਤੋਂ ਮਾਮਲੇ ਦੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ
‘ਕੇਂਦਰੀ ਏਜੰਸੀਆਂ ਨੂੰ ਮੋਦੀ ਸਰਕਾਰ ਨੇ ਹਥਿਆਰ ਬਣਾਇਆ’
ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਬੁਲਾਰੇ ਸਚਿਨ ਸਾਵੰਤ ਨੇ ਕਿਹਾ ਕਿ ਇਸ ਮਾਮਲੇ ਨਾਲ ਸਪੱਸ਼ਟ ਹੁੰਦਾ ਹੈ ਕਿ ਕਿਵੇਂ ਏਜੰਸੀਆਂ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਮੋਦੀ ਸਰਕਾਰ ਦਾ ਰਾਜਨੀਤਕ ਹਥਿਆਰ ਬਣ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਦਾਲਤਾਂ ਨੂੰ ਵੀ ਗੁਮਰਾਹ ਕੀਤਾ ਜਾ ਰਿਹਾ ਹੈ। ਸਾਵੰਤ ਨੇ ਕਿਹਾ ਕਿ ਤਾਨਾਸ਼ਾਹੀ ਵਿਚ ਹੀ ਅਜਿਹੀਆਂ ਸਾਜ਼ਿਸ਼ਾਂ ਹੁੰਦੀਆਂ ਹਨ, ਸਮਾਂ ਆ ਗਿਆ ਹੈ ਕਿ ਲੋਕਤੰਤਰ ਨੂੰ ਬਚਾਉਣ ਲਈ ਪੂਰਾ ਦੇਸ਼ ਇਕਜੁੱਟ ਹੋਵੇ।
ਦੇਸ਼ਮੁਖ ਕੇਸ: ਸੈਨਾ ਆਗੂ ਤੇ ਮੰਤਰੀ ਅਨਿਲ ਪਰਬ ਈਡੀ ਵੱਲੋਂ ਤਲਬ
ਨਵੀਂ ਦਿੱਲੀ/ਮੁੰਬਈ: ਈਡੀ ਨੇ ਸ਼ਿਵ ਸੈਨਾ ਆਗੂ ਤੇ ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਬ ਨੂੰ ਮਨੀ ਲਾਂਡਰਿੰਗ ਕੇਸ ਵਿਚ ਤਲਬ ਕੀਤਾ ਹੈ। ਪਰਬ ਨੂੰ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਦਰਜ ਕੇਸ ਦੇ ਮਾਮਲੇ ਵਿਚ ਪੁੱਛਗਿੱਛ ਲਈ ਸੱਦਿਆ ਗਿਆ ਹੈ। ਊਧਵ ਠਾਕਰੇ ਸਰਕਾਰ ਵਿਚ ਮੰਤਰੀ ਪਰਬ ਨੂੰ ਮੰਗਲਵਾਰ ਸੱਦਿਆ ਗਿਆ ਹੈ। ਇਸ ਤੋਂ ਪਹਿਲਾਂ ਈਡੀ ਦੇਸ਼ਮੁਖ ਨੂੰ ਪੰਜ ਵਾਰ ਤਲਬ ਕਰ ਚੁੱਕੀ ਹੈ ਪਰ ਉਹ ਹਾਜ਼ਰ ਨਹੀਂ ਹੋਏ। -ਪੀਟੀਆਈ