ਬਲੀਆ/ਮੁਰਾਦਾਬਾਦ(ਯੁੂਪੀ), 28 ਅਪਰੈਲ
ਪੁਲੀਸ ਨੇ ਬਲੀਆ ਲੋਕ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ ਉਮੀਦਵਾਰ ਸਨਾਤਨ ਪਾਂਡੇ ਖਿਲਾਫ਼ ਕਥਿਤ ਵੈਰ-ਵਿਰੋਧ ਫੈਲਾਉਣ ਤੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਧਮਕਾਉਣ ਲਈ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਰਿਪੋਰਟਾਂ ਨੂੰ ਦਿੱਤੇ ਬਿਆਨ ਲਈ ਪਾਂਡੇ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਉਧਰ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਐੱਫਆਈਆਰ ਦੀ ਪ੍ਰਤੀਕਿਰਿਆ ਵਿਚ ਸਵਾਲ ਕੀਤਾ ਕਿ ਕੀ ਚੋਣ ਕਮਿਸ਼ਨ ਸੰਵਿਧਾਨ, ‘ਗੰਗਾ ਜਮੁਨੀ ਤਹਿਜ਼ੀਬ’ ਤੇ ‘ਵੱਡੀਆਂ ਸਟੇਜਾਂ’ ਤੋਂ ਭਾਈਚਾਰੇ ਬਾਰੇ ਟਿੱਪਣੀਆਂ ਕਰਨ ਵਾਲੇ ਖਿਲਾਫ਼ ਕੋਈ ਕਾਰਵਾਈ ਕਰੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਂਡੇ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਸੀ ਕਿ ਉਹ ਪਿਛਲੀ ਵਾਰ ਚੋਣ ਜਿੱਤ ਰਿਹਾ ਸੀ, ਪਰ ਪ੍ਰਸ਼ਾਸਨ ਕਰਕੇ ਹਾਰ ਗਿਆ। ਉਸ ਨੇ ਪੱਤਰਕਾਰਾਂ ਨੂੰ ਕਿਹਾ ਸੀ, ‘‘ਮੈਂ ਪਿਛਲੀ ਵਾਰ ਆਪਣੀ ਹਾਰ ਸਵੀਕਾਰ ਕੀਤੀ ਸੀ ਕਿਉਂਕਿ ਮੈਂ ਚੋਣ ਕਮਿਸ਼ਨ ਨੂੰ ਚੁਣੌਤੀ ਨਹੀਂ ਦੇਣਾ ਚਾਹੁੰਦਾ ਸੀ।’’ -ਪੀਟੀਆਈ