ਲਖਨਊ: ਪੁਣੇ ਦੇ ਐਲਗਾਰ ਪ੍ਰੀਸ਼ਦ ’ਚ ਕਥਿਤ ਵਿਵਾਦਤ ਭਾਸ਼ਣ ਦੇਣ ਦੇ ਮਾਮਲੇ ’ਚ ਲਖਨਊ ਦੇ ਹਜ਼ਰਤਗੰਜ ਥਾਣੇ ’ਚ ਸ਼ਰਜੀਲ ਉਸਮਾਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਅਨੁਰਾਗ ਸਿੰਘ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਦਿੱਤੀ ਹੈ। ਉਸਮਾਨੀ ਦੇ ਭਾਸ਼ਣ ਦੀ ਵੀਡੀਓ ਯੂ-ਟਿਊਬ ’ਤੇ ਪੋਸਟ ਕੀਤੀ ਗਈ ਸੀ। ਪੁਣੇ ਦੇ ਗਣੇਸ਼ ਕਲਾ ਕ੍ਰੀੜਾ ਮੰਚ ਵੱਲੋਂ 30 ਜਨਵਰੀ ਨੂੰ ਕਰਵਾਏ ਗਏ ਐਲਗਾਰ ਪ੍ਰੀਸ਼ਦ ਸਮਾਗਮ ’ਚ ਉਸਮਾਨੀ ਨੇ ਸ਼ਮੂਲੀਅਤ ਕੀਤੀ ਸੀ। ਇਸ ਮਗਰੋਂ ਉਸਮਾਨੀ ਦੇ ਭਾਸ਼ਣ ਦੀ ਵੀਡੀਓ ਜਾਰੀ ਹੋਈ ਸੀ ਜਿਸ ’ਚ ਉਸ ਨੇ ਹਿੰਦੂ ਭਾਈਚਾਰੇ ਬਾਰੇ ਕਥਿਤ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਮਹਾਰਾਸ਼ਟਰ ਪੁਲੀਸ ਨੇ ਵੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇੱਕ ਸਾਬਕਾ ਵਿਦਿਆਰਥੀ ਦੀ ਸ਼ਿਕਾਇਤ ’ਤੇ ਉਸਮਾਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਆਈਏਐੱਨਐੱਸ