ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅਣਪਛਾਤੇ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਫਆਈਆਰ ਮੁਤਾਬਕ ਵਿਦਿਆਰਥੀਆਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਫੜਿਆ ਤੇ ਲਾਇਬ੍ਰੇਰੀ ਦੇ ਗੇਟ ’ਤੇ ਕਥਿਤ ਤੌਰ ’ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਗੇਟ ਦੇ ਸ਼ੀਸ਼ੇ ਦਾ ਇੱਕ ਹਿੱਸਾ ਨੁਕਸਾਨਿਆ ਗਿਆ। ਸੁਰੱਖਿਆ ਕਰਮਚਾਰੀਆਂ ਨੇ ਹਮਲੇ ਦਾ ਵਿਰੋਧ ਕੀਤਾ ਤੇ ਵਿਦਿਆਰਥੀਆਂ ਨੂੰ ਤਿੰਨਾਂ ਦਰਵਾਜ਼ਿਆਂ ਵਿੱਚੋਂ ਅੰਦਰ ਨਾ ਜਾਣ ਦਿੱਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਇੱਕ ਛੋਟਾ ਗੇਟ ਦੇਖਿਆ ਤੇ ਸ਼ੀਸ਼ੇ ਦੀ ਬਾਰੀ ਤੋੜ ਕੇ ਅੰਦਰ ਚਲੇ ਗਏ। ਐੱਫਆਈਆਰ ਮੁਤਾਬਕ ਸੁਰੱਖਿਆ ਮੁਲਾਜ਼ਮਾਂ ਨੇ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਨੂੰ ਰੋਕਣ ਲਈ ‘ਕੁਇੱਕ ਰਿਸਪੌਂਸ ਟੀਮ’ ਨੂੰ ਬੁਲਾਇਆ ਜਿਨ੍ਹਾਂ ਵਿਦਿਆਰਥੀਆਂ ਨੂੰ ਬਾਹਰ ਕੱਢ ਦਿੱਤਾ। ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 10.40 ਵਜੇ ਦੀ ਹੈ। ਪੁਲੀਸ ਨੇ ਦੱਸਿਆ ਕਿ ਲਾਇਬ੍ਰੇਰੀ ਦੇ ਬਾਹਰ 35-40 ਵਿਦਿਆਰਥੀ ਇਸ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਸਨ ਜੋ ਮਹਾਮਾਰੀ ਕਾਰਨ ਬੰਦ ਹੈ। ਪੁਲੀਸ ਨੇ ਜਨਤਕ ਪ੍ਰਾਪਰਟੀ ਐਕਟ, ਡੀਡੀਐਮਏ ਐਕਟ, ਮਹਾਮਾਰੀ ਐਕਟ ਤੇ ਆਈਪੀਸੀ ਦੀਆਂ ਧਾਰਾਵਾਂ ਹੇਠ ਅਣਪਛਾਤੇ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
’ਵਰਸਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਬਾਲਾਜੀ
ਜੇਐੱਨਯੂ ਦੇ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਪ੍ਰਸ਼ਾਸਨ ਨੇ ਮਹਾਮਾਰੀ ਦੌਰਾਨ ਲਾਇਬ੍ਰੇਰੀ ਬੰਦ ਕਰ ਦਿੱਤੀ ਹੈ ਜਿਸ ਨੂੰ ਤੁਰੰਤ ਖੋਲ੍ਹਿਆ ਜਾਵੇ। ਵਿਦਿਆਰਥੀ ਆਗੂ ਐੱਨ ਸਾਈ ਬਾਲਾਜੀ ਨੇ ਕਿਹਾ ਕਿ ’ਵਰਸਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਵਿਡ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ ਅਤੇ ਲਾਇਬ੍ਰੇਰੀ ਖੋਲ੍ਹਣ ਦੀ ਮੰਗ ਨਹੀਂ ਮੰਨੀ ਜਾ ਰਹੀ।