ਲਖਨਊ, 5 ਅਕਤੂਬਰ
ਹਾਥਰਸ ਵਿੱਚ ਜਬਰ-ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲਣ ਗਏ ਭੀਮ ਆਰਮੀ ਦੇ ਆਗੂ ਚੰਦਰਸ਼ੇਖ਼ਰ ਆਜ਼ਾਦ ਤੇ ਚਾਰ ਪੰਜ ਸੌ ਅਣਪਛਾਤਿਆਂ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 144 ਤੇ ਐਪੀਡੈਮਿਕ ਡਿਸੀਜ਼ਿਜ਼ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਆਜ਼ਾਦ ਤੇ ਊਸ ਦੇ ਹਮਾਇਤੀ ਐਤਵਾਰ ਨੂੰ ਪੀੜਤ ਪਰਿਵਾਰ ਨੂੰ ਮਿਲੇ ਸਨ ਤੇ ਇਸ ਮੌਕੇ ਉਨ੍ਹਾਂ ਦੀ ਉਥੇ ਤਾਇਨਾਤ ਪੁਲੀਸ ਕਰਮੀਆਂ ਨਾਲ ਤਲਖ ਕਲਾਮੀ ਵੀ ਹੋਈ ਸੀ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਪੰਜਾਬ ਤੇ ਦਿੱਲੀ ਨਾਲ ਸਬੰਧਤ ਪਾਰਟੀ ਵਿਧਾਇਕਾਂ ਨੂੰ ਨਾਲ ਲੈ ਕੇ ਅੱਜ ਜਬਰ ਜਨਾਹ ਪੀੜਤ ਦੇ ਪਰਿਵਾਰ ਨਾਲ ਬੁਲਗੜ੍ਹੀ ਪਿੰਡ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਸੰਜੈ ਸਿੰਘ ਜਿਵੇਂ ਹੀ ਟੀਵੀ ਨਿਊਜ਼ ਚੈਨਲਾਂ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਲੱਗੇ ਤਾਂ ਇਕ ਵਿਅਕਤੀ ਨੇ ਉਨ੍ਹਾਂ ਦੇ ਸਫ਼ੇਦ ਕੁੜਤੇ ’ਤੇ ਸਿਆਹੀ ਸੁੱਟਦਿਆਂ ‘ਪੀਐੱਫਆਈ ਦਲਾਲ ਵਾਪਸ ਜਾਓ’ ਦੇ ਨਾਅਰੇ ਲਾਏ। ਇਸ ਘਟਨਾ ਤੋਂ ਫੌਰੀ ਮਗਰੋਂ ਸਿੰਘ ਆਪਣੀ ਕਾਰ ਵਿੱਚ ਬੈਠ ਕੇ ਉਥੋਂ ਰਵਾਨਾ ਹੋ ਗਏ
-ਆਈਏਐੱਨਐੱਸ