ਨਵੀਂ ਦਿੱਲੀ, 16 ਅਗਸਤ
ਦਿੱਲੀ ਪੁਲੀਸ ਨੇ ਸਪਾਈਸਜੈੱਟ ਦੀ ਉਡਾਣ ਦੌਰਾਨ ਸਿਗਰਟਨੋਸ਼ੀ ਕਰਨ ਦੇ ਦੋਸ਼ ਵਿੱਚ ਬੌਬੀ ਕਟਾਰੀਆ ਨਾਂ ਦੇ ਸ਼ਖ਼ਸ ਖਿਲਾਫ਼ ਕੇਸ ਦਰਜ ਕੀਤਾ ਹੈ। ਕਟਾਰੀਆ ਦਾ ਸੋਸ਼ਲ ਮੀਡੀਆ ਸਾਈਟਸ ’ਤੇ ਵੱਡਾ ਨਾਂ ਹੈ ਤੇ ਉਸ ਦੇ ਵੱਡੀ ਗਿਣਤੀ ਪ੍ਰਸ਼ੰਸਕ ਹਨ। ਉਡਾਣ ਦੌਰਾਨ ਸਿਗਰਟ ਪੀਂਦਿਆਂ ਦੀ ਵੀਡੀਓ ਨਸ਼ਰ ਹੋਣ ਮਗਰੋਂ ਕਟਾਰੀਆ ਖਿਲਾਫ਼ ਸੁਰੱਖਿਆ ਤੇ ਰੱਖਿਆ ਮਾਪਦੰਡਾਂ ਦੀ ਉਲੰਘਣਾ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ 13 ਅਗਸਤ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸਪਾਈਸਜੈੱਟ ਦੇ ਮੈਨੇਜਰ ਲੀਗਲ ਤੇ ਕੰਪਨੀ ਮਾਮਲੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਲਵੰਤ ਕਟਾਰੀਆ ਉਰਫ਼ ਬੌਬੀ ਕਟਾਰੀਆ ਨੇ ਸੋਸ਼ਲ ਮੀਡੀਆ ਖਾਤਿਆਂ ’ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕੀਤੀਆਂ ਹਨ, ਜਿਸ ’ਚ ਉਹ ਲਾਈਟਰ ਜਗਾਉਂਦਾ ਤੇ ਸਿਗਰਟਨੋਸ਼ੀ ਕਰਦਾ ਨਜ਼ਰ ਆ ਰਿਹਾ ਹੈ। -ਪੀਟੀਆਈ