ਔਰੰਗਾਬਾਦ, 27 ਅਕਤੂਬਰ
ਭਾਜਪਾ ਆਗੂ ਪੰਕਜਾ ਮੁੰਡੇ ਅਤੇ 40 ਤੋਂ 50 ਹੋਰਨਾਂ ਖ਼ਿਲਾਫ਼ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੇ ਸਾਵਰਗਾਓਂ ਵਿੱਚ ਇਕ ਰੈਲੀ ਦੌਰਾਨ ਪਾਬੰਦੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁੰਡੇ ਨੇ 25 ਅਕਤੂਬਰ ਨੂੰ ਸਾਵਰਗਾਓਂ ਦੇ ਭਗਵਾਨ ਭਗਤੀ ਗਾਡ ਮੰਦਿਰ ਦੀ ਫੇਰੀ ਦੌਰਾਨ ਉਥੋਂ ਇਕ ਵਰਚੁਅਲ ਦਸਹਿਰਾ ਰੈਲੀ ਨੂੰ ਸੰਬੋਧਨ ਕੀਤਾ ਸੀ। ਇਕ ਅਧਿਕਾਰੀ ਨੇ ਕਿਹਾ ਕਿ ਆਮਲਨੇਰ ਪੁਲੀਸ ਸਟੇਸ਼ਨ ਵਿੱਚ ਪੰਕਜਾ ਮੁੰਡੇ, ਰਾਜ ਸਭਾ ਮੈਂਬਰ ਡਾ.ਭਾਗਵਤ ਕਰਾਡ, ਵਿਧਾਇਕਾਂ ਮੋਨਿਕਾ ਰਾਜਾਲੇ ਤੇ ਮੇਘਨਾਨਾ ਬੋਰਦੀਕਰ ਅਤੇ ਰੈਲੀ ਵਿੱਚ ਸ਼ਾਮਲ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ, ‘ਜ਼ਿਲ੍ਹੇ ਵਿੱਚ ਲਾਗੂ ਪਾਬੰਦੀ ਦੇ ਹੁਕਮਾਂ ਮੁਤਾਬਕ ਸਿਰਫ਼ ਪੰਜ ਵਿਅਕਤੀਆਂ ਨੂੰ ਹੀ ਮੌਜੂਦ ਰਹਿਣ ਦੀ ਖੁੱਲ੍ਹ ਸੀ। ਨੇਮਾਂ ਦੀ ਉਲੰਘਣਾ ਕਾਰਨ ਕੇਸ ਦਰਜ ਕੀਤਾ ਗਿਆ ਹੈ।’ ਇਸ ਦੌਰਾਨ ਮੁੰਡੇ ਨੇ ਸੋਮਵਾਰ ਰਾਤ ਨੂੰ ਹੋਏ ਇਸ ਘਟਨਾਕ੍ਰਮ ਦੇ ਪ੍ਰਤੀਕਰਮ ’ਚ ਕੀਤੇ ਟਵੀਟ ਵਿੱਚ ਕਿਹਾ ਕਿ ਉਹ ਲੋੜੀਂਦੀ ਪ੍ਰਵਾਨਗੀ ਨਾਲ ਹੀ ਉਪਰੋਕਤ ਮੰਦਿਰ ਵਿੱਚ ਗਈ ਸੀ। -ਪੀਟੀਆਈ