ਸ਼ਾਹਜਹਾਂਪੁਰ (ਯੂਪੀ), 5 ਅਕਤੂਬਰ
ਉੱਤਰ ਪ੍ਰਦੇਸ਼ ਪੁਲੀਸ ਨੇ ਸਰਕਾਰੀ ਅਧਿਕਾਰੀਆਂ ਨਾਲ ਕਥਿਤ ਦੁਰਵਿਵਹਾਰ ਕਰਨ ਦੇ ਮਾਮਲੇ ਵਿੱਚ ਕਿਸਾਨ ਆਗੂ ਸਮੇਤ 43 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫ਼ਸਲਾਂ ਦੇ ਲਾਹਵੰਦ ਭਾਅ ਦੇਣ ਸਮੇਤ ਹੋਰ ਮੰਗਾਂ ਸਬੰਧੀ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਣ ਲਈ ਭਾਰੀ ਗਿਣਤੀ ਵਿੱਚ ਕਿਸਾਨ ਮੰਗਲਵਾਰ ਨੂੰ ਤਿਲਹਾਰ ਮੰਡੀ ਵਿੱਚ ਖੇਤੀਹਾਰ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਸੁਦੀਪ ਚੌਹਾਨ ਦੀ ਅਗਵਾਈ ਹੇਠ ਇਕੱਠੇ ਹੋਏ ਸਨ। ਇੱਥੋਂ ਉਹ ਪ੍ਰਾਰਥਨਾ ਲਈ ਕਚਿਆਣੀ ਖੇੜਾ ਮੰਦਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬਹਿਸ ਹੋ ਗਈ। ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਕਿਸਾਨਾਂ ਨੇ ਉਨ੍ਹਾਂ ਨਾਲ ਕਥਿਤ ਦੁਰਵਿਵਹਾਰ ਕੀਤਾ ਅਤੇ ਉਨ੍ਹਾਂ ਲਈ ‘ਚੋਰ’ ਵਰਗੇ ਲਕਬ ਵਰਤੇ।
ਏਐੱਸਪੀ (ਦਿਹਾਤੀ) ਸੰਜੀਵ ਬਾਜਪਾਈ ਨੇ ਕਿਹਾ ਕਿ ਮੰਡੀ ਸੈਕਟਰੀ ਜਗਦੀਸ਼ ਪ੍ਰਸਾਦ ਦੀ ਸ਼ਿਕਾਇਤ ’ਤੇ ਚੌਹਾਨ, ਪ੍ਰਿੰਸ, ਚੰਦਨ ਅਤੇ 40 ਹੋਰ ਅਣਪਛਾਤਿਆਂ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਮੰਗਲਵਾਰ ਰਾਤ ਨੂੰ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ