ਕਾਂਠੀ (ਪੱਛਮੀ ਬੰਗਾਲ): ਚੱਕਰਵਾਤੀ ਤੂਫ਼ਾਨ ‘ਯਾਸ’ ਲਈ ਆਈ ਰਾਹਤ ਸਮੱਗਰੀ ਦੀ ਚੋਰੀ ਵਿੱਚ ਕਥਿਤ ਸ਼ਮੂਲੀਅਤ ਲਈ ਪੱਛਮੀ ਬੰਗਾਲ ਅਸੈਂਬਲੀ ਵਿੱਚ ਭਾਜਪਾ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਚੋਰੀ ਪੂਰਬੀ ਮੇਦਨੀਪੁਰ ਜ਼ਿਲ੍ਹੇ ਦੇ ਕੰਟਾਈ ਮਿਉੁਂਸਿਪੈਲਿਟੀ ਦੇ ਸਟੋਰ ਵਿੱਚ ਆਈ ਰਾਹਤ ਸਮੱਗਰੀ ’ਚੋਂ ਕੀਤੀ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਾਂਠੀ ਪੁਲੀਸ ਸਟੇਸ਼ਨ ਵਿੱਚ ਦਰਜ ਐੱਫਆਈਆਰ ਵਿੱਚ ਸ਼ੁਵੇਂਦੂ ਅਧਿਕਾਰੀ ਤੋਂ ਇਲਾਵਾ ਉਨ੍ਹਾਂ ਦੇ ਭਰਾ ਤੇ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਸੁਮੇਂਦੂ ਅਧਿਕਾਰੀ ਤੇ ਦੋ ਹੋਰਨਾਂ ਦੇ ਨਾਂ ਸ਼ਾਮਲ ਹਨ। ਐੱਫਆਈਆਰ ਮਿਉਂਸਿਪੈਲਿਟੀ ਦੇ ਪ੍ਰਸ਼ਾਸਕੀ ਬੋਰਡ ਦੇ ਮੈਂਬਰ ਰਤਨਾਦੀਪ ਮੰਨਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ 29 ਮਈ ਨੂੰ ਮਿਉਂਸਿਪੈਲਿਟੀ ਦੇ ਉਪਰੋਕਤ ਸਟੋਰ ’ਚੋਂ 2 ਲੱਖ ਰੁਪਏ ਮੁੱਲ ਦੀ ਕਥਿਤ ਤਰਪਾਲ ਚੋਰੀ ਕੀਤੀ ਗਈ ਹੈ। ਐੱਫਆਈਆਰ ਵਿੱਚ ਦਰਜ ਨਾਵਾਂ ਖ਼ਿਲਾਫ਼ ਆਈਪੀਸੀ ਤੇ ਆਫ਼ਤ ਪ੍ਰਬੰਧਨ ਐਕਟ 2005 ਦੀਆਂ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਹਨ। -ਪੀਟੀਆਈ