ਮੁੰਬਈ, 17 ਨਵੰਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਸਮਰਥਕ ਵੱਲੋਂ ਉਨ੍ਹਾਂ ਖ਼ਿਲਾਫ਼ ਦਾਇਰ ਮਾਣਹਾਨੀ ਦਾ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਹੁਲ ਵੱਲੋਂ ਕੀਤੀ ‘ਕਮਾਂਡਰ-ਇਨ-ਚੋਰੀ’ ਟਿੱਪਣੀ ਨੂੰ ਲੈ ਕੇ ਭਾਜਪਾ ਸਮਰਥਕ ਮਹੇਸ਼ ਸ਼੍ਰੀਸ਼੍ਰੀਮਲ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੇ 2018 ਵਿੱਚ ਰਾਫਾਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਇਹ ਟਿੱਪਣੀ ਕੀਤੀ ਸੀ। ਮਾਣਹਾਨੀ ਦਾ ਮਾਮਲਾ ਰੱਦ ਕਰਨ ਦੀ ਅਪੀਲ ਬੰਬੇ ਹਾਈ ਕੋਰਟ ਦੇ ਜਸਟਿਸ ਐੱਸ.ਕੇ. ਸ਼ਿੰਦੇ ਸਾਹਮਣੇ ਦਾਇਰ ਕਰਦਿਆਂ ਰਾਹੁਲ ਗਾਂਧੀ ਦੇ ਵਕੀਲ ਕੁਸ਼ਲ ਮੋਰ ਨੇ ਕਿਹਾ ਕਿ ਉਕਤ ਟਿੱਪਣੀ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਕੀਤੀ ਗਈ ਸੀ ਅਤੇ ਸ਼ਿਕਾਇਤਕਰਤਾ ‘ਪੀੜਤ ਧਿਰ’ ਨਹੀਂ ਹੈ। ਦੂਜੇ ਪਾਸੇ ਸ਼੍ਰੀਸ਼੍ਰੀਮਲ ਨੇ ਕਿਹਾ ਕਿ ਰਾਹੁਲ ਨੇ ਟਿੱਪਣੀ ਕਰਕੇ ਨਾ ਸਿਰਫ ਪ੍ਰਧਾਨ ਮੰਤਰੀ, ਬਲਕਿ ਭਾਜਪਾ ਮੈਂਬਰਾਂ ਦੀ ਵੀ ਮਾਣਹਾਨੀ ਕੀਤੀ ਹੈ। ਹਾਈ ਕੋਰਟ ਵੱਲੋਂ ਇਸ ਅਪੀਲ ’ਤੇ ਸੁਣਵਾਈ 22 ਨਵੰਬਰ ਨੂੰ ਕੀਤੀ ਜਾਵੇਗੀ। -ਪੀਟੀਆਈ