ਬਿਜਨੌਰ (ਯੂਪੀ), 20 ਜੂਨ
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਪ੍ਰਧਾਨ ਤੇ ਸ੍ਰੀਰਾਮ ਜਨਮ ਭੂਮੀ ਤੀਰਥ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਬਾਂਸਲ ਖ਼ਿਲਾਫ਼ ਫੇਸਬੁੱਕ ’ਤੇ ਕਥਿਤ ਤੌਰ ’ਤੇ ਇਤਰਾਜ਼ਯੋਗ ਗੱਲਾਂ ਲਿਖਣ ਦੇ ਮਾਮਲੇ ’ਚ ਬਿਜਨੌਰ ’ਚ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬਿਜਨੌਰ ਜ਼ਿਲ੍ਹੇ ’ਚ ਨਗੀਨਾ ਥਾਣਾ ਦੇ ਇੰਚਾਰਜ ਕ੍ਰਿਸ਼ਨ ਮੁਰਾਰੀ ਦੋਹਰੇ ਨੇ ਅੱਜ ਦੱਸਿਆ ਕਿ ਸੰਜੈ ਬਾਂਸਲ ਨੇ ਖੁਦ ਨੂੰ ਚੰਪਤ ਰਾਏ ਬਾਂਸਲ ਦਾ ਭਰਾ ਦਸਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਵਿਨੀਤ ਨਾਂ ਦੇ ਵਿਅਕਤੀ ਦੀ ਫੇਸਬੁੱਕ ਦਾ ਸਕਰੀਨ ਸ਼ਾਟ ਲਿਆਂਦਾ ਗਿਆ ਜਿਸ ’ਚ ਚੰਪਤ ਰਾਏ ਬਾਂਸਲ ਖ਼ਿਲਾਫ਼ ਇਤਰਾਜ਼ਯੋਗ ਤੇ ਬੇਬੁਨਿਆਦ ਗੱਲਾਂ ਲਿਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੰਜੈ ਬਾਂਸਲ ਨੇ 18 ਜੂਨ ਨੂੰ ਵਿਨੀਤ ਨੂੰ ਫੋਨ ਕੀਤਾ ਤਾਂ ਫੋਨ ਸੁਣਨ ਵਾਲੇ ਵਿਅਕਤੀ ਨੇ ਨਗੀਨਾ ਨਾਂ ਦੀ ਮਹਿਲਾ ਦੇ ਕਹਿਣ ’ਤੇ ਇਹ ਸਭ ਲਿਖਿਆ ਹੈ। ਪੁਲੀਸ ਨੇ ਫੇਸਬੁੱਕ ਪੋਸਟ ਦੇ ਆਧਾਰ ’ਤੇ ਵਿਨੀਤ, ਅਲਕਾ ਤੇ ਰਜਨੀਸ਼ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੀਟੀਆਈ