ਜੌਨਪੁਰ (ਉਤਰ ਪ੍ਰਦੇਸ਼), 15 ਦਸੰਬਰ
ਫ਼ਿਲਮ ‘ਆਦਿਪੁਰਸ਼’ ਸਬੰਧੀ ਦਿੱਤੇ ਇੰਟਰਵਿਊ ਕਾਰਨ ਬੌਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਕ ਵਕੀਲ ਨੇ ਅਦਾਕਾਰ ਅਤੇ ਫ਼ਿਲਮ ਦੇ ਨਿਰਦੇਸ਼ਕ ਓਮ ਰਾਊਤ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਹ ਕੇਸ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਜੌਨਪੁਰ ਦੀ ਅਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਏਸੀਜੇਐੱਮ) ਵਿੱਚ ਚੱਲ ਰਿਹਾ ਹੈ। ਏਸੀਜੇਐੱਮ ਵਿੱਚ ਇਸ ਕੇਸ ਦੀ ਅਗਲੀ ਸੁਣਵਾਈ 23 ਦਸੰਬਰ ਨੂੰ ਹੋਵੇਗੀ।
ਸਿਵਲ ਕੋਰਟ ਦੇ ਵਕੀਲ ਹਿਮਾਂਸ਼ੂ ਸ੍ਰੀਵਾਸਤਵ ਨੇ ਧਾਰਾ 156 (3) ਅਧੀਨ ਵਕੀਲ ਓਪਿੰਦਰ ਵਿਕਰਮ ਸਿੰਘ ਰਾਹੀਂ ਅਰਜ਼ੀ ਦਿੱਤੀ ਹੈ। ਪਟੀਸ਼ਨ ਅਨੁਸਾਰ ਮੁਦਈ ਨੂੰ ਸਨਾਤਨ ਧਰਮ ਵਿੱਚ ਡੂੰਘਾ ਵਿਸ਼ਵਾਸ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਭਗਵਾਨ ਰਾਮ ਚੰਗਿਆਈ ਦਾ ਪ੍ਰਤੀਕ ਹੈ ਅਤੇ ਰਾਵਣ ਬੁਰਾਈ ਦਾ। ਇਸ ਪ੍ਰਸੰਗ ਵਿੱਚ ਵਿਜੈਦਸ਼ਮੀ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ।
ਦੱਸਣਯੋਗ ਹੈ ਕਿ ਫ਼ਿਲਮ ‘ਆਦਿਪੁਰਸ਼’ ਭਗਵਾਨ ਰਾਮ ’ਤੇ ਆਧਾਰਿਤ ਹੈ, ਜਿਸ ਵਿੱਚ ਅਦਾਕਾਰ ਸੈਫ਼ ਅਲੀ ਖਾਨ ਰਾਵਣ ਨਾਲ ਮਿਲਦਾ-ਜੁਲਦਾ ਕਿਰਦਾਰ ਨਿਭਾਅ ਰਿਹਾ ਹੈ। ਪਟੀਸ਼ਨਕਰਤਾ ਨੇ ਦੱਸਿਆ ਕਿ 6 ਦਸੰਬਰ ਨੂੰ ਸੈਫ਼ ਅਲੀ ਖਾਨ ਨੇ ਇਕ ਮੀਡੀਆ ਇੰਟਰਵਿਊ ਵਿੱਚ ਕਿਹਾ, ‘‘ਲਛਮਣ ਨੇ ਰਾਵਣ ਦੀ ਭੈਣ ਸਰੂਪਨਖਾ ਦਾ ਨੱਕ ਵੱਢਿਆ ਸੀ, ਜਿਸ ਦਾ ਬਦਲਾ ਲੈਣ ਲਈ ਰਾਵਣ ਨੇ ਸੀਤਾ ਨੂੰ ਅਗਵਾ ਕੀਤਾ ਸੀ।’’
ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਸੈਫ਼ ਅਲੀ ਖਾਨ ਮੁਆਫ਼ੀ ਵੀ ਮੰਗ ਚੁੱਕਾ ਹੈ। -ਆਈਏਐੱਨਐੱਸ