ਮੁੰਬਈ, 4 ਅਪਰੈਲ
ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਧਮਾਕਾਖ਼ੇਜ਼ ਸਮੱਗਰੀ ਮਿਲਣ ਦੇ ਕੇਸ ’ਚ ਐਨਆਈਏ ਨੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ ਜਿਨ੍ਹਾਂ ਤੋਂ ਲੱਗਦਾ ਹੈ ਕਿ ਕਿ ‘ਸਰਕਾਰੀ ਅਧਿਕਾਰੀਆਂ’ ਨੂੰ ਮਹੀਨਾਵਾਰ ‘ਰਿਸ਼ਵਤ’ ਦਿੱਤੀ ਜਾਂਦੀ ਰਹੀ ਹੈ। ਇਹ ਅਦਾਇਗੀਆਂ ਪੁਲੀਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਹਨ। ਕੌਮੀ ਜਾਂਚ ਏਜੰਸੀ ਦਸਤਾਵੇਜ਼ਾਂ ਨੂੰ ਘੋਖ ਰਹੀ ਹੈ। ਇਹ ਦਸਤਾਵੇਜ਼ ਏਜੰਸੀ ਨੂੰ ਵੀਰਵਾਰ ਦੱਖਣੀ ਮੁੰਬਈ ਦੇ ਇਕ ਕਲੱਬ ’ਤੇ ਮਾਰੇ ਛਾਪੇ ਦੌਰਾਨ ਮਿਲੇ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਐਨਆਈਏ ਨੇ ਮੁੰਬਈ ਪੁਲੀਸ ਦੇ ਅਧਿਕਾਰੀ ਸਚਿਨ ਵਜ਼ੇ ਨੂੰ ਹਿਰਾਸਤ ਵਿਚ ਲਿਆ ਸੀ। ਇਸੇ ਕੇਸ ਨਾਲ ਜੁੜੀ ਕਾਰੋਬਾਰੀ ਮਨਸੁਖ ਹੀਰੇਨ ਦੀ ਹੱਤਿਆ ਦੀ ਜਾਂਚ ਵੀ ਏਜੰਸੀ ਕਰ ਰਹੀ ਹੈ। ਵਿਸ਼ੇਸ਼ ਅਦਾਲਤ ਨੇ ਵਜ਼ੇ ਦੀ ਏਜੰਸੀ ਨੂੰ ਸੱਤ ਅਪਰੈਲ ਤੱਕ ਹਿਰਾਸਤ ’ਚ ਭੇਜਿਆ ਸੀ। ਐਨਆਈਏ ਮੁਤਾਬਕ ਇਕ ਦਸਤਾਵੇਜ਼ ਅਜਿਹਾ ਹੈ ਜਿਸ ’ਤੇ ਦਫ਼ਤਰਾਂ ਅਤੇ ਅਧਿਕਾਰੀਆਂ ਦੇ ਨਾਂ ਲਿਖੇ ਹੋਏ ਹਨ। ਇਸ ਤੋਂ ਇਲਾਵਾ ਨਾਂ ਅੱਗੇ ਪੈਸੇ ਵੀ ਲਿਖੇ ਹੋਏ ਹਨ। ਐਨਆਈਏ ਨੂੰ ਸ਼ੱਕ ਹੈ ਕਿ ਲਿਖੀ ਗਈ ਰਾਸ਼ੀ ਦਫ਼ਤਰਾਂ ਤੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਰੂਪ ਵਿਚ ਹਰ ਮਹੀਨੇ ਦਿੱਤੀ ਗਈ ਹੈ। ਏਜੰਸੀ ਨੇ ਹੁਣ ਇਸ ਬਾਰੇ ਕਲੱਬ ਦੇ ਮਾਲਕ ਤੋਂ ਸਪੱਸ਼ਟੀਕਰਨ ਮੰਗਿਆ ਹੈ। ਲੋੜ ਪੈਣ ’ਤੇ ਦਸਤਾਵੇਜ਼ ਆਮਦਨ ਕਰ ਵਿਭਾਗ ਜਾਂ ਸੀਬੀਆਈ ਨਾਲ ਵੀ ਸਾਂਝੇ ਕੀਤੇ ਜਾ ਸਕਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਜ਼ੇ ਅਕਸਰ ਇਸ ਕਲੱਬ ਵਿਚ ਜਾਂਦਾ ਸੀ। -ਪੀਟੀਆਈ