ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜੂਨ
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਸੀਨੀਅਰ ਪੱਤਰਕਾਰ ਤੇ ਐਂਕਰ ਵਿਨੋਦ ਦੂਆ ਖ਼ਿਲਾਫ਼ ਦਿੱਲੀ ਭਾਜਪਾ ਦੇ ਤਰਜਮਾਨ ਨਵੀਨ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਏ ਹਨ ਕਿ ਵਿਨੋਦ ਦੂਆ ਨੇ ‘ਬੇਇੱਜ਼ਤੀ ਕਰਨ ਵਾਲੇ’ ਅਪਮਾਨਜਨਕ ਸ਼ਬਦ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ ਹੈ। ਬੀਤੀ 4 ਜੂਨ ਨੂੰ ਦਿੱਲੀ ਦੇ ਲਕਸ਼ਮੀ ਨਗਰ ਥਾਣੇ ’ਚ ਦਾਇਰ ਕੀਤੀ ਗਈ ਐੱਫਆਈਆਰ ’ਚ ਦੋਸ਼ ਲਾਇਆ ਗਿਆ ਸੀ ਕਿ ਦੂਆ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣ-ਬੁੱਝ ਕੇ ਅਪਮਾਨਜਨਕ ਅਤੇ ਉਕਸਾਊ ਤਕਰੀਰਾਂ ਦਿੰਦੇ ਹਨ। ਕੁਮਾਰ ਨੇ ਵਿਸ਼ੇਸ਼ ਤੌਰ ’ਤੇ 11 ਮਾਰਚ 2020 ਨੂੰ ਪ੍ਰਸਾਰਿਤ ਕੀਤੇ ਸ਼ੋਅ ਦੀ ਇਕ ਕਿਸ਼ਤ ਦਾ ਜ਼ਿਕਰ ਕੀਤਾ।