ਪੀਲੀਭੀਤ, 5 ਫਰਵਰੀ
ਗਾਜ਼ੀਪੁਰ ਨੇੜੇ ਸੜਕ ਹਾਦਸੇ ’ਚ ਮਾਰੇ ਗਏ ਕਿਸਾਨ ਦੀ ਮਾਂ ਅਤੇ ਭਰਾ ਖ਼ਿਲਾਫ਼ ਤਿਰੰਗੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਕਿਸਾਨ ਦੇ ਅੰਤਿਮ ਸੰਸਕਾਰ ਮੌਕੇ ਉਸ ਦੀ ਦੇਹ ਨੂੰ ਤਿਰੰਗੇ ’ਚ ਲਪੇਟਿਆ ਗਿਆ ਸੀ। ਮੁਲਕ ਦੇ ਫਲੈਗ ਕੋਡ ਮੁਤਾਬਕ ਆਮ ਵਿਅਕਤੀ ਦੇ ਸਸਕਾਰ ਮੌਕੇ ਉਸ ਦੀ ਦੇਹ ਨੂੰ ਤਿਰੰਗੇ ’ਚ ਲਪੇਟਣਾ ਜੁਰਮ ਹੈ। ਐੱਸਪੀ ਜੈ ਪ੍ਰਕਾਸ਼ ਯਾਦਵ ਨੇ ਦੱਸਿਆ ਕਿ ਸਿਹਰਾਮਊ ਇਲਾਕੇ ਦੇ ਪਿੰਡ ਬਾੜੀ ਬੂਝੀਆ ਵਾਸੀ ਬਲਜਿੰਦਰ ਦੀ 25 ਜਨਵਰੀ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦੌਰਾਨ ਹਾਦਸੇ ’ਚ ਮੌਤ ਹੋ ਗਈ ਸੀ। ਐੱਸਪੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਉਸ ਦੀ ਦੇਹ ਨੂੰ ਸ਼ਹੀਦ ਵਾਂਗ ਤਿਰੰਗੇ ’ਚ ਲਪੇਟਿਆ ਅਤੇ ਵੀਰਵਾਰ ਨੂੰ ਅੰਤਿਮ ਰਸਮਾਂ ਲਈ ਲੈ ਗਏ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਬਲਜਿੰਦਰ ਦੀ ਮਾਂ ਜਸਵੀਰ ਕੌਰ, ਭਰਾ ਗੁਰਵਿੰਦਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ