ਆਗਰਾ, (ਉੱਤਰ ਪ੍ਰਦੇਸ਼), 30 ਅਗਸਤ
ਉੱਤਰ ਪ੍ਰਦੇਸ਼ ਪੁਲੀਸ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸੰਸਦ ਮੈਂਬਰ ਸੰਜੇ ਸਿੰਘ ਸਣੇ ਆਮ ਆਦਮੀ ਪਾਰਟੀ (‘ਆਪ’) ਦੇ 17 ਨੇਤਾਵਾਂ ਖ਼ਿਲਾਫ਼ ਇੱਥੇ ਤਿਰੰਗਾ ਯਾਤਰਾ ਦੌਰਾਨ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਐੱਫਆਈਆਰ ’ਚ 500 ਹੋਰ ਅਣਪਛਾਤਿਆਂ ਲੋਕਾਂ ਦਾ ਵੀ ਜ਼ਿਕਰ ਹੈ, ਜਿਹੜੇ ਐਤਵਾਰ ਨੂੰ ਇੱਥੇ ਜੀਆਈਸੀ ਮੈਦਾਨ ਤੋਂ ਸੰਜੇ ਪੈਲੇਸ ’ਚ ਸ਼ਹੀਦ ਸਮਾਰਕ ਤੱਕ ਕੱਢੀ ਗਈ ਤਿਰੰਗਾ ਯਾਤਰਾ ’ਚ ਸ਼ਾਮਲ ਹੋਏ ਸਨ। ਪੁਲੀਸ ਮੁਤਾਬਕ ਕਰੋਨਾ ਨਿਯਮਾਂ ਦੀ ਪਾਲਣਾ ਨਾਲ ਸਿਰਫ 50 ਵਿਅਕਤੀਆਂ ਨੂੰ ਤਿਰੰਗਾ ਯਾਤਰਾ ’ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਸੀ। ਪਰ ਐਤਵਾਰ ਨੂੰ ਕੱਢੀ ਗਈ ਯਾਤਰਾ ਵਿੱਚ ਸ਼ਾਮਲ ਹੋਏ ਲੋਕਾਂ ਦੀ ਗਿਣਤੀ ਉਸ ਤੋਂ ਵੱਧ ਸੀ ਅਤੇ ਯਾਤਰਾ ਦੌਰਾਨ ਕਰੋਨਾ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਅਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਅਯੁੱਧਿਆ, ਲਖਨਊ ਅਤੇ ਨੋਇਡਾ ਵਿੱਚ ‘ਤਿਰੰਗਾ ਯਾਤਰਾਵਾਂ’ ਕੱਢਣ ਦੀ ਯੋਜਨਾ ਬਣਾਈ ਗਈ ਹੈ। ਸ੍ਰੀ ਸਿਸੋਦੀਆ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ’ਚ ਅਮਨ ਤੇ ਕਾਨੂੰਨ, ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੀ ਸਥਿਤੀ ਨੂੰ ਲੈ ਕੇ ਸੂਬੇ ਦੀ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਸੀ ਕਿ ‘ਆਪ’ ਵੱਲੋਂ ਅਯੁੱਧਿਆ ਵਿੱਚ ਤਿਰੰਗਾ ਯਾਤਰਾ 14 ਸਤੰਬਰ ਕੱਢੀ ਜਾਣੀ ਹੈ ਅਤੇ ਬਾਅਦ ਵਿੱਚ ਉੱਤਰ ਪ੍ਰਦੇਸ਼ ਦੇ 403 ਹਲਕਿਆਂ ’ਚ ਯਾਤਰਾਵਾਂ ਕੱਢੀਆਂ ਜਾਣਗੀਆਂ। ਐੱਸਪੀ (ਸ਼ਹਿਰੀ) ਵਿਕਾਸ ਕੁਮਾਰ ਨੇ ਕਿਹਾ ਕਿ ‘ਆਪ’ ਦੇ 17 ਨੇਤਾਵਾਂ, ਜਿਨ੍ਹਾਂ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਮੈਂਬਰ ਸੰਜੇ ਸਿੰਘ ਸ਼ਾਮਲ ਹਨ, ਤੋਂ ਇਲਾਵਾ 500 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਐਤਵਾਰ ਨੂੰ ਜੀਆਈਸੀ ਮੈਦਾਨ ਤੋਂ ਸ਼ਹੀਦ ਸਮਾਰਕ ( ਸੰਜੇ ਪੈਲੇਸ) ਤੱਕ ਕੱਢੀ ਗਈ ਤਿਰੰਗਾ ਯਾਤਰਾ ’ਚ ਸ਼ਾਮਲ ਸਨ।