ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਈ
ਭਾਰਤ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ. ਕੇਕੇ ਅਗਰਵਾਲ ਦੀ ਲੰਘੀ ਰਾਤ ਏਮਸ ’ਚ ਮੌਤ ਹੋ ਗਈ। ਉਨ੍ਹਾਂ ਨੂੰ ਕਰੋਨਾ ਹੋਣ ਮਗਰੋਂ ਇੱਥੇ ਵੈਂਟੀਲੈਟਰ ’ਤੇ ਰੱਖਿਆ ਗਿਆ ਸੀ। ਇਸੇ ਦੌਰਾਨ ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਦੱਸਿਆ ਕਿ ਦੇਸ਼ ’ਚ ਕਰੋਨਾਵਾਇਰਸ ਕਾਰਨ ਹੁਣ ਤੱਕ 1000 ਤੋਂ ਵੱਧ ਡਾਕਟਰਾਂ ਦੀ ਮੌਤ ਹੋਈ ਹੈ। ਡਾ. ਅਗਰਵਾਲ ਨੂੰ ਮੈਡੀਕਲ ਦੇ ਖੇਤਰ ’ਚ ਪਾਏ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕਰੋਨਾ ਦੌਰ ’ਚ ਉਹ ਇਸ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੂੰ ਲਗਾਤਾਰ ਜਾਣਕਾਰੀ ਦੇ ਰਹੇ ਸਨ। 62 ਸਾਲਾ ਡਾ. ਅਗਰਵਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਕੌਮੀ ਪ੍ਰਧਾਨ ਸਨ ਤੇ ਉਹ ਹਾਰਟ ਕੇਅਰ ਫਾਊਂਡੇਸ਼ਨ ਦੇ ਮੁਖੀ ਵੀ ਸਨ। ਉਨ੍ਹਾਂ ਨੂੰ ਭਾਰਤ ਸਰਕਾਰ ਨੇ ਸਾਲ 2010 ਵਿੱਚ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਸੀ। ਇਸੇ ਦੌਰਾਨ ਆਈਐੱਮਏ ਨੇ ਦੱਸਿਆ ਕਿ ਦੇਸ਼ ਦੇ ਲੋਕਾਂ ਨੂੰ ਕੋਵਿਡ-19 ਦੀ ਬਿਮਾਰੀ ਤੋਂ ਬਚਾਉਣ ਲਈ ਦਿਨ-ਰਾਤ ਸੇਵਾਵਾਂ ਦੇ ਰਹੇ ਡਾਕਟਰਾਂ ਵਿੱਚੋਂ 270 ਡਾਕਟਰਾਂ ਦੀ ਮੌਤ ਕਰੋਨਾਵਾਇਰਸ ਕਾਰਨ ਹੋਈ ਹੈ ਜਿਨ੍ਹਾਂ ’ਚ ਡਾ. ਕੇਕੇ ਅਗਰਵਾਲ ਵੀ ਸ਼ਾਮਲ ਹਨ। ਐਸੋਸੀਏਸ਼ਨ ਨੇ ਦੱਸਿਆ ਕਿ ਸਭ ਤੋਂ ਵੱਧ 78 ਡਾਕਟਰਾਂ ਦੀ ਮੌਤ ਬਿਹਾਰ ਵਿੱਚ ਹੋਈ ਹੈ। ਦੇਸ਼ ਦੇ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ 37 ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 29 ਡਾਕਟਰਾਂ ਦੀ ਮੌਤ ਕਰੋਨਾ ਕਾਰਨ ਹੋਈ ਹੈ। ਆਂਧਰਾ ਪ੍ਰਦੇਸ਼ ਵਿੱਚ 22 ਡਾਕਟਰਾਂ ਦੀ ਕਰੋਨਾ ਕਾਰਨ ਮੌਤ ਹੋਈ। ਐਸੋਸੀਏਸ਼ਨ ਨੇ ਦੱਸਿਆ ਕਿ ਫਰਵਰੀ-ਮਾਰਚ 2020 ਤੋਂ ਲੈ ਕੇ ਬੀਤੇ ਸਾਲ ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ 748 ਡਾਕਟਰਾਂ ਦੀ ਮੌਤ ਕਰੋਨਾ ਕਾਰਨ ਹੋਈ ਸੀ ਜਦਕਿ ਦੂਜੀ ਲਹਿਰ ਦੌਰਾਨ ਹੁਣ ਥੋੜ੍ਹੇ ਜਿਹੇ ਵਕਫ਼ੇ ਦੌਰਾਨ ਹੀ 270 ਡਾਕਟਰਾਂ ਦੀ ਜਾਨ ਜਾ ਚੁੱਕੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਡਾ. ਜੇਏ ਜੈਲਾਲ ਨੇ ਦੱਸਿਆ ਕਿ ਮਹਾਮਾਰੀ ਦੀ ਇਹ ਦੂਜੀ ਲਹਿਰ ਸਾਰਿਆਂ ਲਈ ਪਰ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਲਈ ਸਭ ਤੋਂ ਵੱਧ ਘਾਤਕ ਸਾਬਤ ਹੋਈ ਹੈ।