ਨਵੀਂ ਦਿੱਲੀ, 15 ਅਪਰੈਲ
ਸੁਪਰੀਮ ਕੋਰਟ ਨੇ ਕਿਹਾ ਕਿ ਫੇਰੀ ਵਾਲੇ ਜਾਂ ਫੜੀ ਲਾਉਣ ਵਾਲਿਆਂ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣਾ ਸਾਮਾਨ ਤੇ ਹੋਰ ਸੌਦਾ-ਪੱਤਾ ਰਾਤ ਨੂੰ ਉਥੇ ਛੱਡ ਕੇ ਚਲੇ ਜਾਣ ਜਿੱਥੇ ਉਹ ਰੋਜ਼ ਫੜੀ ਲਾਉਂਦੇ ਹਨ। ਜਸਟਿਸ ਐੱਮ.ਆਰ.ਸ਼ਾਹ ਤੇ ਜਸਟਿਸ ਬੀ.ਵੀ.ਨਾਗਰਤਨਾ ਦੀ ਸ਼ਮੁੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਫੜੀ/ਫੇਰੀ ਵਾਲਿਆਂ ਨੂੰ ਫੇਰੀ ਨੀਤੀ ਮੁਤਾਬਕ ਹੀ ਮਾਰਕੀਟਾਂ ਵਿੱਚ ਮਾਲ ਵੇਚਣ ਦੀ ਖੁੱਲ੍ਹ ਦਿੱਤੀ ਜਾ ਸਕਦੀ ਹੈ। ਕੋਰਟ ਨੇ ਕਿਹਾ, ‘‘ਪਟੀਸ਼ਨਰ, ਜੋ ਕਿ ਸਰੋਜਨੀ ਨਗਰ ਮਾਰਕੀਟ ਵਿੱਚ ਫੜੀ ਲਾਉਂਦਾ ਹੈ, ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ ਕਿ ਉਸ ਨੂੰ ਫੜੀ ਵਾਲੀ ਥਾਂ ਰਾਤ ਨੂੰ ਸਾਮਾਨ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ। ਹਾਈ ਕੋਰਟ ਨੇ ਮੁਨਾਸਬਿ ਤਰੀਕੇ ਨਾਲ ਅਪੀਲ ਨੂੰ ਰੱਦ ਕੀਤਾ।’’ ਬੈਂਚ ਨੇ ਕਿਹਾ, ‘‘ਪਟੀਸ਼ਨਰ, ਜੋ ਕਿ ਫੜੀ ਵਾਲਾ ਹੈ, ਨੂੰ ਇਹ ਜ਼ੋਰ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਸ ਨੂੰ ਰਾਤ ਨੂੰ ਆਪਣਾ ਸਾਮਾਨ ਉਸੇ ਥਾਂ ‘ਤੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਜਿੱਥੇ ਉਹ ਰੋਜ਼ ਰੱਖਦਾ ਹੈ।’’ ਸਿਖਰਲੀ ਅਦਾਲਤ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। -ਪੀਟੀਆਈ