ਨਵੀਂ ਦਿੱਲੀ, 23 ਅਗਸਤ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਦੀ ਅਗਵਾਈ ਨੂੰ ਪਾਰਟੀ ਵਿੱਚ ਚੁਣੌਤੀ ਦੇਣ ’ਤੇ ਕੁਝ ਕਾਂਗਰਸੀ ਨੇਤਾਵਾਂ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਹੁਣ ਅਜਿਹਾ ਮਸਲਾ ਚੁੱਕਣ ਦਾ ਸਮਾਂ ਨਹੀਂ ਹੈ। ਮੁੱਖ ਮੰਤਰੀ ਨੇ ਬਿਆਨ ਵਿੱਚ ਕਿਹਾ ਕਿ ਅੱਜ ਲੋੜ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਵਿਰੁੱਧ ਸਖ਼ਤ ਵਿਰੋਧ ਖੜ੍ਹਾ ਕਰਨ ਦੀ ਹੈ ਕਿਉਂਕਿ ਇਹ ਦੇਸ਼ ਦੇ ਸੰਵਿਧਾਨਕ ਨੈਤਿਕਤਾ ਅਤੇ ਲੋਕਤੰਤਰੀ ਸਿਧਾਂਤਾਂ ਨੂੰ ਖਤਮ ਕਰ ਰਿਹ ਹੈ। ਉਨ੍ਹਾਂ ਕਿਹਾ ਕਿ ਐਨਡੀਏ ਦੀ ਸਫਲਤਾ ਦਾ ਕਾਰਨ ਮਜ਼ਬੂਤ ਅਤੇ ਇਕਮੁੱਠ ਵਿਰੋਧੀ ਧਿਰ ਦੀ ਕਮੀ ਕਾਰਨ ਹੈ। ਉਨ੍ਹਾਂ ਕਿਹਾ, ”ਇਨ੍ਹਾਂ ਕਾਂਗਰਸ ਨੇਤਾਵਾਂ ਵੱਲੋਂ ਇਸ ਨਾਜ਼ੁਕ ਮੋੜ‘ ’ਤੇ ਪਾਰਟੀ ਢਾਂਚੇ ਦਾ ਪੁਨਰਗਠਨ ਕਰਨ ਦੀ ਮੰਗ ਨਾਲ ਪਾਰਟੀ ਨੂੰ ਤਾਂ ਨੁਕਸਾਨ ਹੋਵੇਗਾ ਹੀ ਸਗੋਂ ਦੇਸ਼ ਦੇ ਹਿੱਤਾਂ ਨੂੰ ਵੀ ਢਾ ਲੱਗੇਗੀ। ਕਾਂਗਰਸ ਨੂੰ ਇਕ ਅਜਿਹੀ ਲੀਡਰਸ਼ਿਪ ਦੀ ਜ਼ਰੂਰਤ ਹੈ ਜੋ ਸਿਰਫ ਕੁਝ ਲੋਕਾਂ ਲਈ ਹੀ ਨਹੀਂ, ਬਲਕਿ ਪੂਰੇ ਦੇਸ਼ ਨੂੰ ਪ੍ਰਵਾਨ ਹੋਵੇ ਤੇ ਸ੍ਰੀਮਤੀ ਸੋਨੀਆ ਗਾਂਧੀ ਇਸ ਭੂਮਿਕਾ ਲਈ ਪੂਰੀ ਤਰ੍ਹਾਂ ਢੁਕਵੇਂ ਹਨ। ਸ੍ਰੀਮਤੀ ਸੋਨੀਆ ਗਾਂਧੀ ਨੂੰ ਜਿੰਨਾ ਚਿਰ ਉਹ ਚਾਹੁੰਦੇ ਹਨ ਕਾਂਗਰਸ ਦੀ ਪ੍ਰਧਾਨਗੀ ਕਰਦੇ ਰਹਿਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ ਤੋਂ ਬਾਅਦ ਅਹੁਦਾ ਸੰਭਾਲਣਾ ਚਾਹੀਦਾ ਹੈ ਕਿਉਂਕਿ ਉਹ ਪਾਰਟੀ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ। ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਪਹਿਲਾਂ ਪਾਰਟੀ ਅੰਦਰ ਵੱਖ-ਵੱਖ ਆਵਾਜ਼ਾਂ ਸਾਹਮਣੇ ਆਈਆਂ ਹਨ।