ਨਵੀਂ ਦਿੱਲੀ, 17 ਫਰਵਰੀ
ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਸਤੀਸ਼ ਸ਼ਰਮਾ ਦਾ ਸੰਖੇਪ ਬਿਮਾਰੀ ਮਗਰੋਂ ਅੱਜ ਗੋਆ ਵਿੱਚ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਉਹ ਰਾਏਬਰੇਲੀ ਤੇ ਅਮੇਠੀ ਤੋਂ ਸੰਸਦ ਮੈਂਬਰ ਰਹਿ ਚੁੱਕੇ ਸਨ। 1993 ਤੋਂ 1996 ਤੱਕ ਨਰਸਿਮ੍ਹਾ ਰਾਓ ਸਰਕਾਰ ਸਮੇਂ ਉਹ ਪੈਟਰੋਲੀਅਮ ਮੰਤਰੀ ਰਹੇ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੇ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਸੀ। ਉਹ ਕੁੱਝ ਸਮੇੇਂ ਤੋਂ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੇ ਪੁੱਤਰ ਸਮੀਰ ਨੇ ਦੱਸਿਆ, ‘‘ਉਨ੍ਹਾਂ ਦਾ ਗੋਆ ਵਿੱਚ ਰਾਤ 8.16 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਦੀਆਂ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਖ਼ਰੀ ਰਸਮਾਂ ਨਿਭਾਈਆਂ ਜਾਣਗੀ।’’ ਉਹ ਤਿੰਨ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਨੇ ਰਾਜ ਸਭਾ ਮੈਂਬਰ ਵਜੋਂ ਮੱਧ ਪ੍ਰਦੇਸ਼, ਉਤਰਾਖੰਡ ਅਤੇ ਉਤਰ ਪ੍ਰਦੇਸ਼ ਦੀ ਵੀ ਨੁਮਾਇੰਦਗੀ ਕੀਤੀ। -ਪੀਟੀਆਈ