ਨਵੀਂ ਦਿੱਲੀ, 28 ਅਪਰੈਲ
ਸੁਪਰੀਮ ਕੋਰਟ ਨੇ ਕੇਰਲਾ ਨਾਲ ਸਬੰਧਤ ਪੱਤਰਕਾਰ ਸਿੱਦੀਕੀ ਕੱਪਨ ਨੂੰ ਬਿਹਤਰ ਇਲਾਜ ਲਈ ਦਿੱਲੀ ਦੇ ਹਸਪਤਾਲ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ। ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕੀਤੇ ਇਨ੍ਹਾਂ ਹੁਕਮਾਂ ’ਚ ਹਾਲਾਂਕਿ ਸਾਫ਼ ਕਰ ਦਿੱਤਾ ਕਿ ਕੱਪਨ ਨੂੰ ਸਿਹਤਯਾਬ ਹੋਣ ਮਗਰੋਂ ਮੁੜ ਮਥੁਰਾ ਜੇਲ੍ਹ ਭੇਜ ਦਿੱਤਾ ਜਾਵੇ। ਸਿਖਰਲੀ ਅਦਾਲਤ ਨੇ ਕੇਰਲਾ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ (ਕੇਯੂਡਬਲਿਊਜੇ) ਵੱਲੋਂ ਦਾਇਰ ਪਟੀਸ਼ਨ ਦਾ ਨਬਿੇੜਾ ਕਰਦਿਆਂ ਕੱਪਨ ਨੂੰ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਜਾਂ ਫਿਰ ਕਿਸੇ ਹੋਰ ਰਾਹਤ ਲਈ ਢੁੱਕਵੇਂ ਮੰਚ ’ਤੇ ਜਾਣ ਦੀ ਖੁੱਲ੍ਹ ਦੇ ਦਿੱਤੀ ਹੈ। ਚੇਤੇ ਰਹੇ ਕਿ ਕੱਪਨ ਨੂੰ ਪਿਛਲੇ ਸਾਲ ਹਾਥਰਸ, ਜਿੱਥੇ ਇਕ ਨੌਜਵਾਨ ਦਲਿਤ ਲੜਕੀ ਦੀ ਸਮੂਹਿਕ ਜਬਰ-ਜਨਾਹ ਮਗਰੋਂ ਮੌਤ ਹੋ ਗਈ ਸੀ, ਜਾਂਦਿਆਂ ਰਸਤੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕੱਪਨ ’ਤੇ ਪੀਐੱਫਆਈ ਨਾਲ ਕਥਿਤ ਸਬੰਧਾਂ ਕਰਕੇ ਯੂਏਪੀਏ ਸਮੇਤ ਆਈਪੀਸੀ ਦੀਆਂ ਹੋਰ ਸੰਗੀਨ ਧਾਰਾਵਾਂ ਲਾਈਆਂ ਗਈਆਂ ਹਨ।
ਜਸਟਿਸ ਸੂਰਿਆ ਕਾਂਤ ਤੇ ਜਸਟਿਸ ਏ.ਐੱਸ.ਬੋਪੰਨਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ, ‘‘ਕੇਸ ਦੇ ਤੱਥਾਂ ’ਤੇ ਗੌਰ ਕਰਦਿਆਂ ਅਸੀਂ ਇਸ ਰਿੱਟ ਪਟੀਸ਼ਨ ਦਾ ਨਬਿੇੜਾ ਕਰਦੇ ਹਾਂ। (ਯੂਪੀ ਸਰਕਾਰ ਵੱਲੋਂ ਪੇਸ਼) ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਹਾਲਾਂਕਿ ਬੜੀ ਸੰਜੀਦਗੀ ਨਾਲ (ਪਟੀਸ਼ਨ ਦਾ) ਵਿਰੋਧ ਕੀਤਾ, ਪਰ ਅਸੀਂ ਸੂਬਾ ਸਰਕਾਰ ਨੂੰ ਨਿਰਦੇਸ਼ ਦਿੰਦੇ ਹਾਂ ਕਿ ਉਹ ਮੁਲਜ਼ਮ ਨੂੰ ਆਰਐੱਮਐੱਲ (ਰਾਮ ਮਨੋਹਰ ਲੋਹੀਆ) ਜਾਂ ਏਮਸ ਜਾਂ ਫਿਰ ਕਿਤੇ ਹੋਰ, ਜਿੱਥੇ ਉਸ ਦਾ ਇਲਾਜ ਕੀਤਾ ਜਾ ਸਕੇ, ਦਾਖ਼ਲ ਕਰੇ।’ ਉਂਜ ਕੇਸ ’ਤੇ ਜਿਰ੍ਹਾ ਦੌਰਾਨ ਮਹਿਤਾ ਨੇ ਸਿਖਰਲੀ ਅਦਾਲਤ ਦੇ ਇਸ ਸੁਝਾਅ ਦਾ ਇਹ ਕਹਿ ਕੇ ਜ਼ੋਰਦਾਰ ਵਿਰੋਧ ਕੀਤਾ ਕਿ ਕੱਪਨ ਕੋਵਿਡ-19 ਨੈੈਗੇਟਿਵ ਹੈ ਤੇ ਉਸ ਦਾ ਇਲਾਜ ਮਥੁਰਾ ਦੇ ਜੇਲ੍ਹ ਹਸਪਤਾਲ ਵਿੱਚ ਹੋ ਸਕਦਾ ਹੈ। ਮਹਿਤਾ ਨੇ ਬੈਂਚ ਨੂੰ ਇਥੋੋਂ ਤੱਕ ਆਖਿਆ ਕਿ ਉਹ ਆਪਣੇ ਹੁਕਮਾਂ ਵਿੱਚ ਇਹ ਜ਼ਿਕਰ ਕਰੇ ਕਿ ਕੱਪਨ ਲਈ ਦਿੱਲੀ ਵਿੱਚ ਬੈੱਡ ਖਾਲੀ ਕਰਵਾਇਆ ਜਾਵੇ ਕਿਉਂਕਿ ਉਥੋਂ ਦੇ ਸਾਰੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਸਿਖਰਲੀ ਅਦਾਲਤ ਨੇ ਹਾਲਾਂਕਿ ਇਸ ਮੁੱਦੇ ’ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ।
ਇਸ ਤੋਂ ਪਹਿਲਾਂ ਮਹਿਤਾ ਨੇ ਸੁਪਰੀਮ ਕੋਰਟ ਦੇ ਉਪਰੋਕਤ ਸੁਝਾਅ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਹੋਰ ਕਈ ਮੁਲਜ਼ਮ ਸੂਬੇ ਦੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ, ਲਿਹਾਜ਼ਾ ਕੱਪਨ ਨੂੰ ਮਹਿਜ਼ ਇਸ ਲਈ ਵਿਸ਼ੇਸ਼ ਛੋਟ ਨਾ ਦਿੱਤੀ ਜਾਵੇ ਕਿ ਇਸ ਕੇਸ ਵਿੱਚ ਪਟੀਸ਼ਨਰ ਪੱਤਰਕਾਰਾਂ ਦੀ ਸੰਸਥਾ ਹੈ। ਕੇਯੂਡਬਲਿਊਜੇ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਕਿ ਹਸਪਤਾਲ ਵਿੱਚ ਪੱਤਰਕਾਰ ਨੂੰ ਮੰਜੇ ਦੀ ਚੇਨ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ। ਕੱਪਨ ਨੂੰ ਗੁਸਲਖਾਨੇ ’ਚ ਡਿੱਗਣ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਸਿਖਰਲੀ ਅਦਾਲਤ ਨੇ ਪੱਤਰਕਾਰਾਂ ਦੀ ਜਥੇਬੰਦੀ ਵੱਲੋਂ ਦਾਇਰ ਪਟੀਸ਼ਨ ’ਤੇ ਲੰਘੇ ਦਿਨ ਕੱਪਨ ਦਾ ਮੈਡੀਕਲ ਰਿਕਾਰਡ ਤਲਬ ਕੀਤਾ ਸੀ। -ਪੀਟੀਆਈ