ਨਵੀਂ ਦਿੱਲੀ, 9 ਸਤੰਬਰ
ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਏਆਈ) ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਕਰੋਨਾ ਨਾਲ ਸਬੰਧਤ ਮੁਸ਼ਕਲਾਂ ਕਾਰਨ ਜੁਲਾਈ ’ਚ ਸੀਏ ਦੀ ਪ੍ਰੀਖਿਆ ਨਹੀਂ ਦਿੱਤੀ ਹੈ, ਉਨ੍ਹਾਂ ਦਾ ਮੌਕਾ ਅਜਾਈਂ ਨਹੀਂ ਜਾਵੇਗਾ। ਉਮੀਦਵਾਰਾਂ ਨੇ ਸਿਖਰਲੀ ਅਦਾਲਤ ਦਾ ਰੁਖ ਕਰਦਿਆਂ ਮੰਗ ਕੀਤੀ ਸੀ ਕਿ ਜੁਲਾਈ ’ਚ ਸੀਏ ਦੀ ਪ੍ਰੀਖਿਆ ਨਾ ਦੇਣ ਵਾਲੇ ਉਮੀਦਵਾਰਾਂ ਲਈ ਪ੍ਰੀਖਿਆਵਾਂ ਕਰਾਉਣ ਦੇ ਆਈਸੀਏਆਈ ਨੂੰ ਨਿਰਦੇਸ਼ ਦਿੱਤੇ ਜਾਣ। ਸੁਪਰੀਮ ਕੋਰਟ ਨੇ ਪਟੀਸ਼ਨ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਇੰਸਟੀਚਿਊਟ ਅੱਗੇ ਆਪਣੀ ਮੰਗ ਰੱਖਣ। ਜਸਟਿਸ ਏ ਐੱਮ ਖਾਨਵਿਲਕਰ ਦੀ ਅਗਵਾਈ ਹੇਠਲੇ ਬੈਂਚ ਨੂੰ ਆਈਸੀਏਆਈ ਦੇ ਵਕੀਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮੰਗ ’ਤੇ ਦੋ ਹਫ਼ਤਿਆਂ ਦੇ ਅੰਦਰ ਢੁੱਕਵਾਂ ਫ਼ੈਸਲਾ ਲਿਆ ਜਾਵੇਗਾ। -ਪੀਟੀਆਈ