ਗੁਹਾਟੀ/ਨਵੀਂ ਦਿੱਲੀ, 27 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਵਕਾਰੀ ਅਮੇਠੀ ਤੇ ਰਾਏ ਬਰੇਲੀ ਸੀਟਾਂ ਤੋਂ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕੁਝ ਹੀ ਦਿਨਾਂ ਅੰਦਰ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਦਿੱਲੀ ’ਚ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਤੋਂ ਪਾਰਟੀ ਆਗੂਆਂ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ ਉਮੀਦਵਾਰਾਂ ਦੇ ਨਾਵਾਂ ਬਾਰੇ ਕੋਈ ਫ਼ੈਸਲਾ ਨਾ ਹੋ ਸਕਿਆ। ਯੂਪੀ ਕਾਂਗਰਸ ਦੇ ਆਗੂਆਂ ਨੇ ਹਾਲਾਂਕਿ ਰਾਹੁਲ ਗਾਂਧੀ ਨੂੰ ਅਮੇਠੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਰਾਏ ਬਰੇਲੀ ਤੋਂ ਉਮੀਦਵਾਰ ਐਲਾਨਣ ਦੀ ਮੰਗ ਕੀਤੀ।
ਖੜਗੇ ਨੇ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ’ਚ ਸੁੱਟਿਆ ਜਾਣਾ ਚਾਹੀਦਾ ਹੈ ਪਰ ਜਦੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇਤਾ ਭਾਜਪਾ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ‘ਗੋਦੀ ’ਚ ਬਿਠਾਇਆ’ ਜਾਂਦਾ ਹੈ ਅਤੇ ਰਾਜ ਸਭਾ ਜਾਂ ਵਿਧਾਨ ਸਭਾ ਭੇਜਿਆ ਜਾਂਦਾ ਹੈ। ਉਨ੍ਹਾਂ ਪ੍ਰਧਾਨ ਮਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੇ ਸ਼ਬਦਾਂ ਨੇ ਭਰੋਸਯੋਗਤਾ ਗੁਆ ਲਈ ਹੈ। ਉਨ੍ਹਾਂ ਨਾਲ ਹੀ ਪ੍ਰਧਾਨ ਮੰਤਰੀ ’ਤੇ ਦੇਸ਼ ਦਾ ਧਰੁਵੀਕਰਨ ਕਰਨ ਦਾ ਦੋਸ਼ ਵੀ ਲਾਇਆ। ਅਮੇਠੀ ਤੇ ਰਾਏ ਬਰੇਲੀ ਤੋਂ ਉਮੀਦਵਾਰਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘ਤੁਹਾਨੂੰ ਕੁਝ ਹੋਰ ਦਿਨ ਉਡੀਕ ਕਰਨੀ ਪਵੇਗੀ। ਜਦੋਂ ਲੋਕਾਂ ਤੋਂ ਮੈਨੂੰ ਉਮੀਦਵਾਰਾਂ ਦੇ ਨਾਂ ਮਿਲ ਜਾਣਗੇ ਅਤੇ ਮੈਂ ਨੋਟੀਫਿਕੇਸ਼ਨ ’ਤੇ ਦਸਤਖ਼ਤ ਕਰ ਦੇਵਾਂਗਾ ਤਾਂ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।’ ਉਨ੍ਹਾਂ ਕਿਹਾ, ‘ਜੋ ਲੋਕ ਚੋਣ ਹਲਕਾ ਬਦਲਣ ਲਈ ਕਾਂਗਰਸ ਆਗੂਆਂ ’ਤੇ ਸਵਾਲ ਚੁੱਕ ਰਹੇ ਹਨ, ਉਹ ਮੈਨੂੰ ਦੱਸਣ ਕਿ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਕਿੰਨੀ ਵਾਰ ਆਪਣੀ ਸੀਟ ਬਦਲੀ ਸੀ।’ ਉਨ੍ਹਾਂ ਕਿਹਾ ਕਿ ਕਾਂਗਰਸ ਵਗਦੇ ਦਰਿਆ ਦੀ ਤਰ੍ਹਾਂ ਹੈ। ਕੁਝ ਲੋਕਾਂ ਦੇ ਛੱਡ ਕੇ ਜਾਣ ਨਾਲ ਉਸ ’ਤੇ ਕੋਈ ਅਸਰ ਨਹੀਂ ਪੈਂਦਾ। -ਪੀਟੀਆਈ