ਨਵੀਂ ਦਿੱਲੀ, 20 ਜਨਵਰੀ
ਪ੍ਰੈੱਸ ਕਲੱਬ ਆਫ਼ ਇੰਡੀਆ (ਪੀਸੀਆਈ) ਨੇ ਕਸ਼ਮੀਰ ਪ੍ਰੈੱਸ ਕਲੱਬ ਦੀ ਰਜਿਸਟਰੇਸ਼ਨ ਰੱਦ ਕਰਨ ਅਤੇ ਉਸ ਦੇ ਭਵਨ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਆਪਣੇ ਕਬਜ਼ੇ ’ਚ ਲੈਣ ਦੀ ਕਾਰਵਾਈ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਖ਼ਿਲਾਫ਼ ਅਜਿਹੀ ਸਖ਼ਤ ਕਾਰਵਾਈ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਦਿਖ ’ਤੇ ਮਾੜਾ ਅਸਰ ਪਾਏਗੀ। ਉਪ ਰਾਜਪਾਲ ਮਨੋਜ ਸਿਨਹਾ ਨੂੰ ਲਿਖੀ ਚਿੱਠੀ ’ਚ ਇਸ ਮਾਮਲੇ ’ਚ ਫੌਰੀ ਦਖ਼ਲ ਦੇਣ ਦੀ ਮੰਗ ਕਰਦਿਆਂ ਪੀਸੀਆਈ ਨੇ ਕਿਹਾ ਕਿ ਪ੍ਰਸ਼ਾਸਨ ਦੇ ਕਦਮ ਨੇ ਸਥਾਨਕ ਪੱਤਰਕਾਰਾਂ ਦੇ ਬੁਨਿਆਦੀ ਸੰਵਿਧਾਨਕ ਹੱਕਾਂ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਪ੍ਰੈੱਸ ਕਲੱਬ ਦੀ ਚੁਣੀ ਹੋਈ ਪ੍ਰਬੰਧਕੀ ਕਮੇਟੀ ਨੇ ਜਾਣਬੁੱਝ ਕੇ ਇਹ ਕਾਰਵਾਈ ਕੀਤੀ ਹੈ ਜਦਕਿ ਉਸ ਵੱਲੋਂ ਅਗਲੇ ਮਹੀਨੇ ਚੋਣਾਂ ਦੀ ਤਰੀਕ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਿਆ ਸੀ। ਉਨ੍ਹਾਂ ਉਪ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਤੈਅ ਸਮੇਂ ’ਤੇ ਕਰਾਉਣ ਲਈ ਅੜਿੱਕਿਆਂ ਨੂੰ ਦੂਰ ਕਰਨ। ਪੀਸੀਆਈ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਦੀ ਕਾਰਵਾਈ ਨਾ ਸਿਰਫ਼ ਗ਼ੈਰਜਮਹੂਰੀ ਅਤੇ ਗ਼ੈਰਕਾਨੂੰਨੀ ਹੈ ਸਗੋਂ ਇਹ ਪ੍ਰੈੱਸ ਦੀ ਆਜ਼ਾਦੀ ’ਤੇ ਵੀ ਹਮਲਾ ਹੈ। ਉਨ੍ਹਾਂ ਇਸ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ। -ਪੀਟੀਆਈ