ਨਵੀਂ ਦਿੱਲੀ, 11 ਜਨਵਰੀ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਵਿਚ ‘ਬਹੁਤ ਪ੍ਰੇਸ਼ਾਨੀ ਵਾਲੀ ਸਥਿਤੀ’ ਹੈ ਜਿੱਥੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਆਪਣੀ ਹੀ ਪੁਲੀਸ ਫੋਰਸ ’ਚ ਯਕੀਨ ਨਹੀਂ ਹੈ ਤੇ ਰਾਜ ਸਰਕਾਰ ਨੂੰ ਸੀਬੀਆਈ ਉਤੇ ਭਰੋਸਾ ਨਹੀਂ ਹੈ। ਜਸਟਿਸ ਐੱਸ.ਕੇ. ਕੌਲ ਤੇ ਐਮ.ਐਮ. ਸੁੰਦਰੇਸ਼ ਦੇ ਬੈਂਚ ਨੇ ਇਹ ਟਿੱਪਣੀ ਉਦੋਂ ਕੀਤੀ ਜਦ ਸਾਬਕਾ ਪੁਲੀਸ ਮੁਖੀ ਦੇ ਵਕੀਲ ਨੇ ਕਿਹਾ ਕਿ ਰਾਜ ਦੀ ਪੁਲੀਸ ਪਰਮਬੀਰ ਸਿੰਘ ਨੂੰ ਵਿਭਾਗੀ ਕੇਸਾਂ ਵਿਚ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿਖ਼ਰਲੀ ਅਦਾਲਤ, ਜਿਸ ਨੇ ਸਾਬਕਾ ਪੁਲੀਸ ਮੁਖੀ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ, ਨੇ ਕਿਹਾ, ‘ਇਹ ਉਹੀ ਪੁਲੀਸ ਹੈ ਜਿਸ ਦੀ ਅਗਵਾਈ ਤੁਸੀਂ ਕਾਫ਼ੀ ਲੰਮਾ ਸਮਾਂ ਕੀਤੀ ਹੈ। ਅਸੀਂ ਹੁਣ ਕੀ ਕਹੀਏ ਜਦ ਪੁਲੀਸ ਬਲ ਦੇ ਮੁਖੀ ਰਹੇ ਵਿਅਕਤੀ ਨੂੰ ਆਪਣੀ ਹੀ ਫੋਰਸ ਉਤੇ ਭਰੋਸਾ ਨਹੀਂ ਤੇ ਸੂਬੇ ਨੂੰ ਸੀਬੀਆਈ ਉਤੇ ਯਕੀਨ ਨਹੀਂ। ਦੇਖੋ ਕਿੱਦਾਂ ਦੀ ਸਥਿਤੀ ਬਣਾਈ ਜਾ ਰਹੀ ਹੈ। ਸਾਡੇ ਲਈ ਇਹ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਅਸੀਂ ਇਸ ਨੂੰ ਸ਼ਾਂਤੀ ਨਾਲ ਨਹੀਂ ਨਜਿੱਠ ਸਕਦੇ। ਰਾਜ ਸਰਕਾਰ ਨੂੰ ਨਹੀਂ ਲੱਗਦਾ ਕਿ ਇਸ ਮਾਮਲੇ ਵਿਚ ਸੀਬੀਆਈ ਨੂੰ ਦਖ਼ਲ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਇਸ ਸਬੰਧੀ ਬੰਬੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜੋ ਉਹ ਹਾਰ ਗਏ। ਹੁਣ ਮਾਮਲਾ ਸੁਪਰੀਮ ਕੋਰਟ ਵਿਚ ਹੈ। ਅਸੀਂ ਨਹੀਂ ਜਾਣਦੇ ਕਿ ਸਬੰਧਤ ਬੈਂਚ ਦਾ ਇੱਥੇ ਕੀ ਨਜ਼ਰੀਆ ਹੋਵੇਗਾ ਪਰ ਹੁਣ ਗ੍ਰਿਫ਼ਤਾਰੀ ਤੋਂ ਹੋਰ ਰਾਹਤ ਨਹੀਂ ਦਿੱਤੀ ਜਾ ਸਕਦੀ। ਅਸੀਂ ਹੋਰ ਰਾਹਤ ਨਹੀਂ ਦੇ ਰਹੇ।’ ਸੀਬੀਆਈ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਖ਼ਦਸ਼ਾ ਜਤਾਇਆ ਕਿ ਰਾਜ ਸਰਕਾਰ ਅਜਿਹੇ ਕਦਮ ਚੁੱਕ ਸਕਦੀ ਹੈ ਜਿਸ ਨਾਲ ਜਾਂਚ ਦਾ ਨਤੀਜਾ ਕੱਢਣਾ ਮੁਸ਼ਕਲ ਹੋ ਸਕਦਾ ਹੈ। -ਪੀਟੀਆਈ