ਨਵੀਂ ਦਿੱਲੀ, 11 ਜੁਲਾਈ
ਦੇਸ਼ ਵਿਚ ਉਤਪਾਦਿਤ ਰਸੋਈ ਗੈਸ (ਐੱਲਪੀਜੀ) ਦੀ ਸਪਲਾਈ ਸਿਰਫ਼ ਸਰਕਾਰ ਦੀ ਮਲਕੀਅਤ ਵਾਲੀਆਂ ਤੇਲ ਕੰਪਨੀਆਂ ਤੱਕ ਸੀਮਿਤ ਕਰਨ ਵਾਲੇ ਦੋ ਦਹਾਕੇ ਪੁਰਾਣੇ ਰਸੋਈ ਗੈਸ ਸਪਲਾਈ ਆਦੇਸ਼ ਨੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਨੂੰ ਨਿੱਜੀਕਰਨ ਤੋਂ ਬਾਅਦ ਸਬਸਿਡੀ ਵਾਲੀ ਐੱਲਪੀਜੀ ਦੀ ਵਿਕਰੀ ਜਾਰੀ ਰੱਖਣ ਦੀ ਛੋਟ ਦੇਣ ਦੀ ਯੋਜਨਾ ਅੱਗੇ ਇਕ ਅੜਿੱਕਾ ਡਾਹ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਹੁਣ ਇਹ ਪਤਾ ਲਾਉਣ ਲਈ ਕਾਨੂੰਨੀ ਰਾਇ ਮੰਗੀ ਗਈ ਹੈ ਕਿ ਕੀ ਨਿੱਜੀਕਰਨ ਤੋਂ ਬਾਅਦ ਬੀਪੀਸੀਐੱਲ ਨੂੰ ਓਐੱਨਜੀਸੀ ਤੇ ਗੇਲ ਵਰਗੀਆਂ ਕੰਪਨੀਆਂ ਰਾਹੀਂ ਉਤਪਾਦਤ ਰਸੋਈ ਗੈਸ ਦੀ ਵੰਡ ਸਹੀ ਹੋਵੇਗੀ। ਮੌਜੂਦਾ ਸਮੇਂ ਬੀਪੀਸੀਐੱਲ ਕੋਲ 8.4 ਕਰੋੜ ਤੋਂ ਵੱਧ ਘਰੇਲੂ ਐੱਲਪੀਜੀ ਗਾਹਕ ਹਨ। ਇਨ੍ਹਾਂ ਵਿੱਚੋਂ 2.1 ਕਰੋੜ ਉੱਜਵਲਾ ਗਾਹਕ ਹਨ। ਇਨ੍ਹਾਂ ਗਾਹਕਾਂ ਲਈ ਕੰਪਨੀ ਦੀਆਂ ਆਪਣੀਆਂ ਰਿਫਾਈਨਰੀਆਂ ਦਾ ਐੱਲਪੀਜੀ ਉਤਪਾਦਨ ਪੂਰਾ ਨਹੀਂ ਪੈਂਦਾ ਹੈ। ਬੀਪੀਸੀਐੱਲ ਹੋਰ ਤੇਲ ਮਾਰਕੀਟਿੰਗ ਕੰਪਨੀਆਂ ਵਾਂਗ ਤੇਲ ਤੇ ਕੁਦਰਤੀ ਗੈਸ ਨਿਗਮ ਤੇ ਗੇਲ ਇੰਡੀਆ ਲਿਮਿਟਡ ਵਰਗੀਆਂ ਸਰਕਾਰੀ ਮਲਕੀਅਤ ਵਾਲੀਆਂ ਕੰਪਨੀਆਂ ਦੇ ਨਾਲ-ਨਾਲ ਰਿਲਾਇੰਸ ਇੰਡਸਟਰੀਜ਼ ਲਿਮਿਟਡ ਵਰਗੀਆਂ ਨਿੱਜੀ ਕੰਪਨੀਆਂ ਤੋਂ ਵੀ ਰਸੋਈ ਗੈਸ ਖਰੀਦਦੀ ਹੈ। ਰਸੋਈ ਗੈਸ (ਸਪਲਾਈ ਤੇ ਵੰਡ ਨਿਯਮ) ਆਦੇਸ਼, 2020 ਸਿਰਫ਼ ਸਰਕਾਰ ਦੀ ਮਲਕੀਅਤ ਵਾਲੀਆਂ ਤੇਲ ਮਾਰਕੀਟਿੰਗ ਕੰਪਨੀਆਂ ਜਿਵੇਂ ਕਿ ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਤੇ ਬੀਪੀਸੀਐੱਲ ਨੂੰ ਦੇਸ਼ ਵਿਚ ਉਤਪਾਦਿਤ ਰਸੋਈ ਗੈਸ ਦੀ ਵਿਕਰੀ ਦਾ ਪ੍ਰਬੰਧ ਕਰਦਾ ਹੈ। -ਪੀਟੀਆਈ